ਮੋਗਾ ’ਚ ਲਾੜੇ ਦੀ ਮੌਤ ਨਾਲ ਲੁਧਿਆਣੇ ’ਚ ਮਾਤਮ, ਇਕ ਝਟਕੇ ’ਚ ਦੁਨੀਆ ਹੀ ਉੱਜੜ ਗਈ
Sunday, Nov 05, 2023 - 07:02 PM (IST)
ਲੁਧਿਆਣਾ/ਮੋਗਾ : ਮੋਗਾ ਵਿਚ ਐਤਵਾਰ ਸਵੇਰੇ ਵਾਪਰੇ ਭਿਆਨਕ ਹਾਦਸੇ ਵਿਚ ਲਾੜੇ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਤੋਂ ਬਾਅਦ ਲੁਧਿਆਣਾ ਦੇ ਪਿੰਡ ਬੱਦੋਵਾਲ ਦੇ ਉਸ ਘਰ ਵਿਚ ਮਾਤਮ ਪੱਸਰ ਗਿਆ ਹੈ, ਜਿਸ ਘਰ ਵਿਚ ਬਾਰਾਤ ਆਉਣੀ ਸੀ। ਦਰਅਸਲ ਭਾਈ ਕਨ੍ਹੱਈਆ ਜੀ ਚੈਰੀਟੇਬਲ ਹਸਪਤਾਲ ਅਤੇ ਪਬਲਿਕ ਸੇਵਾ ਸੁਸਾਇਟੀ ਵਲੋਂ 21 ਕੁੜੀਆਂ ਦੇ ਵਿਆਹ ਕਰਵਾਏ ਜਾ ਰਹੇ ਸਨ। ਹਾਦਸੇ ਵਿਚ ਜਿਸ ਲਾੜੇ ਸੁਖਵਿੰਦਰ ਸਿੰਘ ਦੀ ਮੌਤ ਹੋਈ ਹੈ, ਉਹ ਫਾਜ਼ਿਲਕਾ ਦੇ ਰਹਿਣ ਵਾਲਾ ਸੀ ਅਤੇ ਉਸ ਦਾ ਵਿਆਹ ਪ੍ਰਵੀਨ ਰਾਣੀ ਨਾਲ ਹੋਣਾ ਸੀ।
ਇਹ ਵੀ ਪੜ੍ਹੋ : ਸਰਕਾਰੀ ਅਫਸਰ ਤੋਂ ਜ਼ਬਰਨ ਪਰਾਲੀ ਨੂੰ ਅੱਗ ਲਗਵਾਉਣ ਦੇ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ
ਲਾੜੇ ਦੀ ਮੌਤ ਦੀ ਖ਼ਬਰ ਸੁਣ ਬੇਸੁੱਧ ਹੋਈ ਲਾੜੀ
ਲਾੜੇ ਦੀ ਮੌਤ ਦੀ ਖ਼ਬਰ ਆਈ ਤਾਂ ਲਾੜੀ ਦੇ ਪਿਰਾਵਰ ਨੇ ਕੁੱਝ ਦੇਰ ਤਕ ਲਾੜੀ ਪ੍ਰਵੀਨ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ। ਕੁੱਝ ਦੇਰ ਬਾਅਦ ਜਦੋਂ ਉਸ ਨੂੰ ਇਸ ਅਣਹੋਣੀ ਬਾਰੇ ਪਤਾ ਲੱਗਾ ਤਾਂ ਉਹ ਬੇਸੁੱਧ ਹੋ ਗਈ। ਇਸ ਦੌਰਾਨ ਡਾਕਟਰ ਬੁਲਾ ਕੇ ਲੜਕੀ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ। ਜਿਹੜੀ ਕੁੜੀ ਵਿਆਹ ਦੀ ਖੁਸ਼ੀ ਵਿਚ ਇਕ ਦਿਨ ਪਹਿਲਾਂ ਨੱਚ ਟੱਪ ਰਹੀ ਸੀ, ਉਸ ਨੂੰ ਜਿਵੇਂ ਹੀ ਇਸ ਹਾਦਸੇ ਬਾਰੇ ਪਤਾ ਲੱਗਾ ਤਾਂ ਉਸ ਦੀਆਂ ਖੁਸ਼ੀਆਂ ਹੀ ਉੱਡ ਗਈਆਂ। ਸੁਖਵਿੰਦਰ ਦੇ ਨਾਮ ਦੀ ਮਹਿੰਦੀ ਹੱਥਾਂ ’ਤੇ ਰਚਾ ਕੇ ਬੈਠੀ ਲਾੜੀ ਉਸ ਦਾ ਮੂੰਹ ਤਕ ਨਹੀਂ ਦੇਖ ਸਕੀ।
ਇਹ ਵੀ ਪੜ੍ਹੋ : ਥਾਣਾ ਜਮਾਲਪੁਰਾ ’ਚ ਤਾਇਨਾਤ ਏ. ਐੱਸ. ਆਈ. ਦੇ ਜਬਾੜੇ ’ਚ ਵੱਜੀ ਗੋਲ਼ੀ
ਕਿੰਝ ਵਾਪਰਿਆ ਸੀ ਹਾਦਸਾ
ਇਹ ਹਾਦਸਾ ਮੋਗਾ ਦੇ ਅਜੀਤਵਾਲ ਨੇੜੇ ਵਾਪਰਿਆ। ਵਿਆਹ ਲਈ ਸਵਿੱਫਟ ਕਾਰ ਵਿਚ ਲਾੜਾ ਫਾਜ਼ਿਲਕਾ ਤੋਂ ਬੱਦੋਵਾਲ (ਲੁਧਿਆਣਾ) ਜਾ ਰਿਹਾ ਸੀ। ਜਿਵੇਂ ਹੀ ਕਾਰ ਅਜੀਤਵਾਲ, ਮੋਗਾ ਨੇੜੇ ਪਹੁੰਚੀ ਤਾਂ ਸੜਕ ’ਤੇ ਖੜੀ ਟਰਾਲੀ ਨਾਲ ਕਾਰ ਦੀ ਟੱਕਰ ਹੋ ਗਈ। ਇਸ ਵਿਚ ਲਾੜੇ ਸਮੇਤ 4 ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ ਜਿਸ ਨੂੰ ਮੋਗਾ ਦੇ ਸਿਵਲ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਹਾਦਸੇ ਵਿਚ ਲਾੜੇ ਸੁਖਵਿੰਦਰ ਸਿੰਘ ਅਤੇ ਅੰਗਰੇਜ਼ ਸਿੰਘ ਸਮੇਤ ਚਾਰ ਸਾਲਾ ਲੜਕੀ ਅਰਸ਼ਦੀਪ ਤੇ ਇਕ ਹੋਰ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 6 ਵਜੇ ਦੇ ਕਰੀਬ ਵਾਪਰਿਆ। ਇਸ ਹਾਦਸੇ ’ਚ ਸਿਫਟ ਕਾਰ ਵਿਚ ਸਵਾਰ ਲਾੜੇ ਸੁਖਵਿੰਦਰ ਸਿੰਘ ਉਸ ਦੀ ਚਾਰ ਸਾਲਾ ਭਤੀਜੀ, ਲਾੜੇ ਦੀ ਭਰਜਾਈ ਅਤੇ ਜੀਜੇ ਦੀ ਮੌਤ ਹੋ ਗਈ।
ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਐਤਵਾਰ ਦੀ ਸਵੇਰ ਵਾਪਰਿਆ ਇਹ ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਲਾੜੇ ਅਤੇ ਇਕ ਹੋਰ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦ ਕਿ ਦੋ ਜਣਿਆਂ ਨੇ ਸਿਵਲ ਹਸਪਤਾਲ ਜਗਰਾਉਂ ਵਿਖੇ ਦਮ ਤੋੜ ਦਿੱਤਾ। ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਸਵਿਫਟ ਕਾਰ ਚਾਲਕ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਹੋਇਆਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਫਰੀਦਕੋਟ ਦੇ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਪੁਲਸ ਨੇ ਦੱਸਿਆ ਕਿਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਹੋਣਗੇ ਉਸ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਈ. ਟੀ. ਟੀ. ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਪਾਇਆ ਸਟੇਟਸ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8