ਬਰਸਾਤ ਨੇ ਮਚਾਈ ਤਬਾਹੀ, ਸਕੂਲ ਉੱਪਰ ਡਿੱਗਿਆ ਪਹਾਡ਼ ਦਾ ਮਲਬਾ (ਵੀਡੀਓ)

Tuesday, Aug 14, 2018 - 11:35 AM (IST)

ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਬੀਤੀ ਰਾਤ ਤੇਜ਼ ਮੀਂਹ ਦੇ ਕਾਰਨ ਚੰਗਰ ਇਲਾਕੇ ਦੇ ਪਿੰਡ ਮੌਡ਼ਾ ਦੇ ਪ੍ਰਾਇਮਰੀ ਸਕੂਲ ਉੱਪਰ ਪਹਾਡ਼ ਦਾ ਮਲਬਾ ਡਿੱਗਣ ਦੀ ਸੂਚਨਾ ਮਿਲੀ ਹੈ। ਜਿਸ ਕਾਰਨ ਸਕੂਲ ਦੀ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ ਹੈ ਜਦਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜੇਕਰ ਇਹ ਪਹਾਡ਼ ਦਿਨ ਦੇ ਸਮੇਂ ਸਕੂਲ ਇਮਾਰਤ ਉੱਪਰ ਡਿੱਗਦਾ  ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਜਾਣਕਾਰੀ ਦਿੰਦੇ ਹੋਏ ਬੀ.ਪੀ.ਓ. ਅਨੰਦਪੁਰ ਸਾਹਿਬ ਕਮਲਜੀਤ ਸਿੰਘ ਭੱਲਡ਼ੀ ਨੇ ਦੱਸਿਆ ਕਿ ਜਦੋਂ ਅੱਜ ਸਵੇਰੇ ਸਕੂਲ ਵਿਚ  ਅਧਿਆਪਕ ਅਤੇ ਪਿੰਡ ਦੇ ਬੱਚੇ ਸਕੂਲ ਪੁੱਜੇ ਤਾਂ ਸਕੂਲ ਦੀ ਇਮਾਰਤ ਉੱਪਰ ਪਹਾਡ਼ੀ ਡਿੱਗੀ ਪਈ ਸੀ ਇਸ ਦੀ ਸੂਚਨਾ ਸਕੂਲ ਸਟਾਫ ਨੇ ਉਨ੍ਹਾਂ  ਨੂੰ ਦਿੱਤੀ ਅਤੇ ਉਹ ਮੌਕੇ ਉੱਪਰ ਪਹੁੰਚੇ ਸਕੂਲ ਦੇ ਅਧਿਆਪਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਹਾਡ਼ੀ ਦਾ ਇਕ ਹਿੱਸਾ ਕਮਰੇ ਉਪਰ ਡਿੱਗਿਆ ਪਿਆ ਸੀ ਤੇ ਕਾਫੀ ਮਲਬਾ ਕਮਰੇ ਦੇ ਅੰਦਰ ਆ ਗਿਆ ਸੀ। ਬੀ. ਪੀ. ਓ. ਕਮਲਜੀਤ ਭੱਲਡ਼ੀ ਨੇ ਮੌਕਾ ਦੇਖਣ ਤੋਂ ਬਾਅਦ ਆਪਣੀ ਰਿਪੋਰਟ ਬਣਾ ਕਿ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਇਸ ਘਟਨਾ ਦੇ ਕਾਰਨ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਮਾਤਾ-ਪਿਤਾ ਵਿਚ ਕਾਫੀ ਸਹਿਮ ਪਾਇਆ ਜਾ ਰਿਹਾ ਹੈ। ਦੂਸਰੇ ਪਾਸੇ ਸਵਾਲ ਇਹ ਖਡ਼੍ਹਾ ਹੋ ਗਿਆ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਜਿਸ ਵਿਚ ਛੋਟੇ-ਛੋਟੇ ਬੱਚੇ ਪਡ਼੍ਹਦੇ ਹਨ   ਦੀ ਇਮਾਰਤ ਪਹਾਡ਼ੀ ਦੇ ਨਾਲ ਕਿਸ ਨੇ ਬਣਾਈ ਤੇ ਕਿਹਡ਼ੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਦਾ ਨਕਸ਼ਾ ਪਾਸ ਕਰਦੇ ਹੋਏ ਇਸ  ਦੀ ਇਜਾਜ਼ਤ ਦਿੱਤੀ। ਇਸ ਬਾਰੇ ਕਈ ਸਵਾਲ ਖਡ਼੍ਹੇ ਹੋ ਗਏ ਹਨ।


Related News