ਦੋ ਮੋਟਰਸਾਈਕਲਾਂ ਦੀ ਟੱਕਰ ’ਚ ਇਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
Friday, Aug 27, 2021 - 05:42 PM (IST)

ਕਾਠਗੜ੍ਹ (ਰਾਜੇਸ਼) : ਬੀਤੀ ਰਾਤ ਕਾਠਗੜ੍ਹ ਤੋਂ ਮੇਨ ਹਾਈਵੇ ਨੂੰ ਜਾਂਦੀ ਸੜਕ ’ਤੇ ਸਥਿਤ ਕੈਂਟਰ ਯੂਨੀਅਨ ਕੋਲ ਦੋ ਮੋਟਰਸਾਈਕਲਾਂ ਦੀ ਹੋਈ ਆਪਸੀ ਟੱਕਰ ਵਿਚ ਇਕ ਪਰਵਾਸੀ ਨੌਜਵਾਨ ਦੀ ਮੌਤ ਹੋ ਜਾਣ ਅਤੇ ਦੂਜੇ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰ ਸੂਤਰਾਂ ਮੁਤਾਬਕ ਕੁਝ ਸਾਲਾਂ ਤੋਂ ਕਾਠਗ਼ੜ੍ਹ ਮੋੜ ’ਤੇ ਰਜਾਈਆਂ ਆਦਿ ਭਰਨ ਦਾ ਕੰਮ ਕਰਨ ਵਾਲੇ ਇਕ ਪ੍ਰਵਾਸੀ ਪਰਿਵਾਰ ਦਾ ਨੌਜਵਾਨ ਸਾਹਿਲ ਪੁੱਤਰ ਰਸ਼ੀਦ ਵਾਸੀ ਸਹਾਰਨਪੁਰ (ਯੂ.ਪੀ) ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਜਦੋਂ ਉਹ ਉਕਤ ਮਾਰਗ ’ਤੇ ਸਥਿਤ ਕੈਂਟਰ ਯੂਨੀਅਨ ਕੋਲ ਪਹੁੰਚਿਆ ਤਾਂ ਉਸ ਦੇ ਮੋਟਰਸਾਈਕਲ ਦੀ ਟੱਕਰ ਕਾਠਗ਼ੜ੍ਹ ਮੋੜ ਵੱਲੋਂ ਮੋਟਰਸਾਈਕਲ ’ਤੇ ਆ ਰਹੇ ਪਿੰਡ ਚਾਹਲਾਂ ਦੇ ਇਕ ਨੌਜਵਾਨ ਨਾਲ ਹੋ ਗਈ।
ਇਸ ਹਾਦਸੇ ਵਿਚ ਉਕਤ ਸਾਹਿਲ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਜਦੋਂ ਇਲਾਜ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ ਜਦਕਿ ਪਿੰਡ ਚਾਹਲਾਂ ਦੇ ਨੌਜਵਾਨ ਨੂੰ ਜ਼ਖ਼ਮੀ ਹੋਣ ਦੀ ਹਾਲਤ ਵਿਚ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਪਰਵਾਸੀ ਪਰਿਵਾਰ ਆਪਣੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਸਹਾਰਨਪੁਰ ਲੈ ਗਏ ਹਨ।