ਮੋਤੀ ਮਹਿਲ ਦਾ ਘਿਰਾਓ ਕਰਨ ਜਾਂਦੇ ਅਧਿਆਪਕਾਂ ਤੇ ਪੁਲਸ ਵਿਚਾਲੇ ਧੱਕਾ-ਮੁੱਕੀ

Monday, Aug 21, 2017 - 07:37 AM (IST)

ਮੋਤੀ ਮਹਿਲ ਦਾ ਘਿਰਾਓ ਕਰਨ ਜਾਂਦੇ ਅਧਿਆਪਕਾਂ ਤੇ ਪੁਲਸ ਵਿਚਾਲੇ ਧੱਕਾ-ਮੁੱਕੀ

ਪਟਿਆਲਾ (ਬਲਜਿੰਦਰ) - ਸਰਕਾਰੀ ਮਾਡਲ ਆਦਰਸ਼ ਸਕੂਲਜ਼ ਕਰਮਚਾਰੀ ਐਸੋਸੀਏਸ਼ਨ ਵੱਲੋਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਵਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਮਹਿਲ ਦਾ ਘਿਰਾਓ ਕੀਤਾ ਗਿਆ। ਰਸਤੇ ਵਿਚ ਮੋਦੀ ਕਾਲਜ ਚੌਕ ਵਿਖੇ ਪੁਲਸ ਵੱਲੋਂ ਪਹਿਲਾਂ ਹੀ ਵੱਡੀ ਗਿਣਤੀ 'ਚ ਮੌਜੂਦਗੀ ਅਤੇ ਲਾਏ ਬੈਰੀਕੇਡਾਂ ਨਾਲ ਅਧਿਆਪਕਾਂ ਨੂੰ ਰੋਕ ਲਿਆ ਗਿਆ। ਮੋਦੀ ਕਾਲਜ ਚੌਕ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਂਦੇ ਹੋਏ ਆਦਰਸ਼ ਸਕੂਲਾਂ ਦੇ ਅਧਿਆਪਕ ਅਤੇ ਪੁਲਸ ਵਿਚਾਲੇ ਧੱਕਾ-ਮੁੱਕੀ ਵੀ ਹੋਈ। ਇਸ ਦੇ ਬਾਵਜੂਦ ਅਧਿਆਪਕਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਵੱਡੇ ਕਾਫਲੇ ਦੇ ਰੂਪ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ। ਪ੍ਰਸ਼ਾਸਨ ਵੱਲੋਂ 21 ਅਗਸਤ ਨੂੰ ਮੁੱਖ ਮੰਤਰੀ ਦੇ ਓ. ਐੈੱਸ. ਡੀ. ਐੈੱਮ. ਪੀ. ਸਿੰਘ ਨਾਲ ਲਿਖਤੀ ਮੀਟਿੰਗ ਦਿੱਤੀ। ਤਹਿਸੀਲਦਾਰ ਸੁਭਾਸ਼ ਭਾਰਦਵਾਜ ਨੇ ਮੌਕੇ 'ਤੇ ਮੁੱਖ ਮੰਤਰੀ ਵੱਲੋਂ ਮੰਗ-ਪੱਤਰ ਲਿਆ ਅਤੇ ਮੁੱਖ ਮੰਤਰੀ ਨਾਲ ਅਧਿਆਪਕਾਂ ਦੀ ਮੀਟਿੰਗ ਤੈਅ ਕਰਵਾਈ। ਇਸ ਦੇ ਨਾਲ ਹੀ ਰਣਜੀਤ ਸਿੰਘ ਤਹਿਸੀਲਦਾਰ ਦੀ ਮੀਟਿੰਗ ਕਰਵਾਉਣ ਲਈ ਡਿਊਟੀ ਲਾਈ ਗਈ।
ਇਸ ਤੋਂ ਪਹਿਲਾਂ ਕਾਨਫਰੰਸ ਕੀਤੀ ਗਈ, ਜਿਸ ਵਿਚ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹਿੱਸਾ ਲਿਆ। ਸੂਬਾ ਪ੍ਰਧਾਨ ਡਾ. ਅੰਮ੍ਰਿਤਪਾਲ ਸਿੰਘ ਸਿੱਧੂ ਨੇ ਕਿਹਾ ਕਿ 2010 ਵਿਚ ਡਾ. ਮਨਮੋਹਨ ਸਿੰਘ ਦੀ ਸਰਕਾਰ ਗਰੀਬ ਵਰਗ ਦੇ ਪਰਿਵਾਰਾਂ ਲਈ ਇਹ ਸਕੂਲ ਵਰਦਾਨ ਵਜੋਂ ਲੈ ਕੇ ਆਈ ਸੀ। ਉਸ ਸਮੇਂ ਦੀ ਮੌਜੂਦਾ ਸਰਕਾਰ ਨੇ ਅਧਿਆਪਕਾਂ ਦੀ ਭਰਤੀ ਠੇਕਾ ਆਧਾਰਿਤ ਕੀਤੀ। ਨਤੀਜੇ ਵਜੋਂ ਅੱਜ 50 ਫੀਸਦੀ ਤੋਂ ਵੱਧ ਅਧਿਆਪਕ ਨੌਕਰੀਆਂ ਛੱਡ ਚੁੱਕੇ ਹਨ।
ਮੌਜੂਦਾ ਸਰਕਾਰ ਜਿੱਥੇ ਨਵੇਂ ਅੰਗਰੇਜ਼ੀ ਮਾਧਿਅਮ ਦੇ ਸਕੂਲ ਖੋਲ੍ਹਣ ਦੀ ਗੱਲ ਕਰ ਰਹੀ ਹੈ, ਉੱਥੇ ਹੀ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਪੱਕਾ ਕਰਨ ਤੋਂ ਵੀ ਭੱਜ ਰਹੀ ਹੈ। ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਕਿਹਾ ਸੀ, ਪ੍ਰਾਪਰ ਚੈਨਲ ਭਰਤੀ ਅਤੇ ਜਿਨ੍ਹਾਂ ਦਾ ਕੋਈ ਵਿੱਤੀ ਬੋਝ ਨਹੀਂ, ਉਨ੍ਹਾਂ ਨੂੰ ਸਰਕਾਰ ਬਣਦਿਆਂ ਪੱਕਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਅਧਿਆਪਕਾਂ ਨੂੰ ਪੱਕਾ ਕਰ ਕੇ ਆਪਣਾ ਵਾਅਦਾ ਅਤੇ ਡਾ. ਮਨਮੋਹਨ ਸਿੰਘ ਦਾ ਸੁਪਨਾ ਪੂਰਾ ਕਰੇ।
ਚੇਅਰਮੈਨ ਰਮੇਸ਼ ਮਾਕੜ ਨੇ ਕਿਹਾ ਕਿ ਠੇਕਾ ਭਰਤੀ ਪ੍ਰਥਾ ਸਰਕਾਰ ਦੀ ਹੀ ਨੀਤੀ ਸੀ। ਸਰਕਾਰ ਹੀ ਹੁਣ ਉਸ ਨੂੰ ਠੀਕ ਕਰੇ। ਉਨ੍ਹਾਂ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ 7 ਸਾਲਾਂ ਤੋਂ ਧੱਕਾ ਹੋ ਰਿਹਾ ਹੈ। ਡਰਾਇੰਗ ਅਧਿਆਪਕਾਂ ਦੀ ਭਰਤੀ ਮਾਸਟਰ ਕੇਡਰ ਵਿਚ ਕੀਤੀ ਗਈ ਪਰ 7 ਸਾਲਾਂ ਬਾਅਦ ਉਨ੍ਹਾਂ ਨੂੰ ਸੀ. ਐਂਡ ਵੀ. ਕਾਡਰ ਵਿਚ ਕਰ ਦਿੱਤਾ। ਸਰਕਾਰ ਵੱਲ ਉਨ੍ਹਾਂ ਦੇ ਕਰੋੜਾਂ ਰੁਪਏ ਦੇ ਏਰੀਅਰ ਬਕਾਏ ਪਏ ਹਨ। ਸੀ. ਪੀ. ਐੈੱਫ. ਦੀ ਕਟੌਤੀ, 4-9-14, ਮੈਡੀਕਲ ਛੁੱਟੀਆਂ, ਕਮਾਈ-ਛੁੱਟੀਆਂ, ਬਦਲੀਆਂ ਸਬੰਧੀ ਨੀਤੀ, ਦਰਜਾ ਚਾਰ ਕਰਮਚਾਰੀਆਂ ਨੂੰ ਵਿਭਾਗ ਵਿਚ ਲਿਆ ਜਾਵੇ ਅਤੇ ਸਕਿੱਲਡ ਕਾਮੇ ਦੀ ਤਨਖਾਹ ਦਿੱਤੀ ਜਾਵੇ ਆਦਿ ਮੰਗਾਂ ਦਾ ਸੀਮਤ ਸਮੇਂ ਵਿਚ ਹੱਲ ਕੀਤੇ ਜਾਣ ਦੀ ਮੰਗ ਕੀਤੀ।
ਇਸ ਮੌਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਿਚ ਸ਼ਾਮਲ ਜਥੇਬੰਦੀਆਂ ਵੱਲੋਂ ਵੀ ਧਰਨੇ ਵਿਚ ਸ਼ਮੂਲੀਅਤ ਕੀਤੀ ਗਈ। ਇਸ ਸਮੇਂ ਮੀਤ ਪ੍ਰਧਾਨ ਤਲਵਿੰਦਰ ਸਿੰਘ, ਜਲ ਸਪਲਾਈ ਐਂਡ ਸੈਨੀਟੇਸ਼ਨ ਵੱਲੋਂ ਅਜੀਤ ਸਿੰਘ ਵਡੋਈ, ਸਾਂਝਾ ਥਰਮਲ ਮੰਚ ਪੰਜਾਬ ਵੱਲੋਂ ਰਜਿੰਦਰ ਸਿੰਘ ਢਿੱਲੋਂ, ਪਨਬਸ ਰੋਡਵੇਜ ਵੱਲੋ ਭਗਤ ਸਿੰਘ ਭਗਤਾ, ਐੈੱਸ. ਐੈੱਸ. ਏ./ਰਮਸਾ ਵੱਲੋਂ ਹਰਜੀਤ ਸਿੰਘ ਜੀਦਾ, ਸੇਵਕ ਸਿੰਘ ਪੰਜਾਬ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਸਟਾਫ ਯੂਨੀਅਨ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।


Related News