ਮਦਰਜ਼ ਡੇਅ ਸਪੈਸ਼ਲ : 'ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ'

06/14/2018 2:43:16 PM

ਜਲੰਧਰ— 'ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ।' ਮਾਂ ਸ਼ਬਦ ਲਿਖਣ ਤੇ ਬੋਲਣ 'ਚ ਭਾਵੇਂ ਹੀ ਬਹੁਤ ਛੋਟਾ ਹੈ ਪਰ ਇਸ ਦੇ ਮਾਇਨੇ ਬਹੁਤ ਵੱਡੇ ਹਨ। ਅਕਸਰ ਮਾਂ ਬਾਰੇ ਜਦੋਂ ਕੋਈ ਲਿਖਾਰੀ ਵੀ ਲਿਖਣ ਬੈਠਦਾ ਹੋਵੇਗਾ ਤਾਂ ਉਸ ਦੇ ਮਨ ਵਿਚ ਵੀ ਇਹ ਸਵਾਲ ਆਉਂਦਾ ਹੋਵੇਗਾ, ਜਿਵੇਂ ਮੇਰੇ ਮਨ 'ਚ ਆਇਆ ਕਿ ਮਾਂ ਬਾਰੇ ਕੀ ਲਿਖਾਂ? ਅੱਜ ਜੋ ਕੁਝ ਵੀ ਹਾਂ ਉਹ ਸਭ ਉਸ ਦਾ ਹੀ ਦਿੱਤਾ ਤਾਂ ਹੈ, ਜਿਸ ਨੇ ਇਹ ਸੋਹਣੀ ਦੁਨੀਆ ਦਿਖਾਈ, ਮਾਂ ਦੀਆਂ ਦਿੱਤੀਆਂ ਲੋਰੀਆਂ, ਉਸ ਦੀਆਂ ਮੇਰੇ ਲਈ ਕੀਤੀਆਂ ਦੁਆਵਾਂ ਜਿਸ ਦੇ ਅੱਗੇ ਮੇਰੇ ਲਿਖੇ ਸ਼ਬਦ ਫਿੱਕੇ 'ਤੇ ਥੋੜ੍ਹੇ ਪੈ ਜਾਂਦੇ ਹਨ। ਕਹਿੰਦੇ ਨੇ ਜਦੋਂ ਇਨਸਾਨ ਤਕਲੀਫ 'ਚ ਹੁੰਦਾ ਹੈ ਤਾਂ ਉਸ ਦੇ ਮੂੰਹੋਂ 'ਮਾਂ' ਨਿਕਲਦਾ ਹੈ, ਕਿਉਂਕਿ ਮਾਂ ਦੀਆਂ ਦੁਆਵਾਂ ਦਾ ਅਸਰ ਬਹੁਤ ਹੈ। ਜਦੋਂ ਦਵਾ ਕੰਮ ਨਾ ਕਰੇ, ਤਾਂ ਮਾਂ ਦੀ ਦੁਆ ਜ਼ਰੂਰ ਕੰਮ ਕਰਦੀ ਹੈ। ਮਾਂ ਲਈ ਉਸ ਦਾ ਬੱਚਾ, ਬੱਚਾ ਹੀ ਰਹਿੰਦਾ ਹੈ, ਚਾਹੇ ਉਹ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਵੇ। 
'ਮਾਂ ਦੀਆਂ ਰਹਿਮਤਾਂ ਦਾ ਦੱਸ ਓ ਰੱਬਾਂ ਕੀ ਮੈਂ ਮੁੱਲ ਚੁਕਾਵਾਂ, ਮਾਂ ਨੇ ਮੈਨੂੰ ਪਾਲਣ 'ਚ ਜਿੰਨੇ ਦੁੱਖ ਸਹਿਣ ਕੀਤੇ, ਉਨ੍ਹਾਂ ਦਾ ਕਿਵੇਂ ਕਰਜ਼ ਚੁਕਾਵਾਂ।'
ਮਾਂ ਦੇ ਪਿਆਰ ਨੂੰ ਵੀ ਪਰਿਭਾਸ਼ਤ ਕਰਨਾ ਬਹੁਤ ਔਖਾ ਹੈ। ਮਾਂ ਆਪਣੇ ਬੱਚੇ ਨੂੰ ਸਭ ਤੋਂ ਵਧ ਜਾਣਦੀ ਹੈ। ਮਾਂ ਬੱਚੇ ਨੂੰ 9 ਮਹੀਨੇ ਕੁੱਖ 'ਚ ਰੱਖਦੀ ਹੈ, ਉਹ ਅਸਹਿ ਦਰਦ ਸਹਿੰਦੀ ਹੈ ਪਰ ਫਿਰ ਵੀ ਉਸ ਦੇ ਬੁੱਲ੍ਹਾਂ 'ਤੇ ਬਸ ਇਕ ਮਿੱਠੀ ਜਿਹੀ ਮੁਸਕਾਨ ਰਹਿੰਦੀ ਹੈ। ਮਾਂ ਬਹੁਤ ਹੀ ਲਾਡਾਂ ਨਾਲ ਆਪਣੇ ਪੁੱਤ-ਧੀ ਨੂੰ ਪਾਲਦੀ ਹੈ ਅਤੇ ਵੱਡੇ ਹੁੰਦਿਆਂ ਦੇਖਦੀ ਹੈ। ਮਾਂ ਦੇ ਲੜਾਏ ਲਾਡ, ਨਿੱਕੀ-ਨਿੱਕੀ ਗੱਲ 'ਤੇ ਰੁੱਸਣਾ-ਮਨਾਉਣਾ, ਹਰ ਰੀਝ ਨੂੰ ਪੂਰੀ ਕਰਨਾ, ਇਹ ਮਾਂ ਨਹੀਂ ਤੇ ਹੋਰ ਕੌਣ ਹੈ? ਕਿਸੇ ਨੇ ਸੱਚ ਹੀ ਕਿਹਾ ਹੈ ਕਿ ਮਾਂ ਭਗਵਾਨ ਦਾ ਦੂਜਾ ਰੂਪ ਹੈ। 
ਪੂਰੀ ਦੁਨੀਆ ਵਿਚ ਮਾਂ ਨੂੰ ਸਨਮਾਨ ਦੇਣ ਲਈ ਮਦਰਜ਼ ਡੇਅ ਮਨਾਇਆ ਜਾਂਦਾ ਹੈ। ਭਾਰਤ ਵਿਚ 13 ਮਈ ਨੂੰ ਮਦਰਸ ਡੇਅ ਮਨਾਇਆ ਜਾਵੇਗਾ। ਮਾਂ ਦੇ ਸਨਮਾਨ ਲਈ ਸਿਰਫ ਇਕ ਦਿਨ, ਕਿਉ? ਉਹ ਮਾਂ ਜੋ ਸਾਡੇ ਲਈ ਸਾਰੀ-ਸਾਰੀ ਰਾਤ ਜਾਗਦੀ ਹੈ, ਉਸ ਲਈ ਤਾਂ ਜੇ ਅਸੀਂ ਪੂਰੀ ਜ਼ਿੰਦਗੀ ਵੀ ਦੇ ਦੇਈਏ ਤਾਂ ਥੋੜ੍ਹੀ ਹੈ। ਸਾਡੀ ਮਾਂ ਹੀ ਹੈ, ਜੋ ਕਿ ਸਾਲ ਦੇ 365 ਦਿਨ ਕੰਮ ਕਰਦੀ ਹੈ ਅਤੇ ਕਦੇ ਥੱਕਦੀ ਨਹੀਂ। ਨਿੱਕੇ ਹੁੰਦੇ ਸਕੂਲ ਜਾਂਦੇ ਤਾਂ ਸਾਨੂੰ ਐਤਵਾਰ ਦੀ ਛੁੱਟੀ ਮਿਲਦੀ ਤੇ ਹੁਣ ਜਦੋਂ ਕੰਮਾਂ-ਕਾਰਾਂ ਜੋਗੇ ਹੋ ਗਏ ਹਾਂ ਤਾਂ ਵੀ ਸਾਨੂੰ ਛੁੱਟੀ ਮਿਲਦੀ ਹੈ ਪਰ ਮਾਂ ਨੂੰ ਨਹੀਂ। ਸਾਡੇ ਹਰ ਕੰਮ 'ਚ ਸਹਿਯੋਗ ਕਰਨ ਵਾਲੀ, ਸਾਡੀ ਪਰੇਸ਼ਾਨੀ ਵੇਲੇ ਹਮੇਸ਼ਾ ਨਾਲ ਖੜ੍ਹੀ ਰਹਿਣ ਵਾਲੀ ਉਸ ਮਾਂ ਨੂੰ ਸਲਾਮ। ਸਾਡਾ ਵੀ ਫਰਜ਼ ਬਣਦਾ ਹੈ ਕਿ ਮਾਂ ਜੋ ਕਿ ਸਾਨੂੰ ਖੁਸ਼ ਰੱਖਣ ਅਤੇ ਸਾਡੀ ਜ਼ਿੰਦਗੀ ਨੂੰ ਸੰਵਾਰਨ ਲਈ ਆਪਣੀ ਪੂਰੀ ਜ਼ਿੰਦਗੀ ਲਾ ਦਿੰਦੀ ਹੈ, ਉਸ ਨੂੰ ਇਕ ਦਿਨ ਨਹੀਂ ਸਗੋਂ ਕਿ ਹਮੇਸ਼ਾ ਖੁਸ਼ ਰੱਖੀਏ। ਮਾਂ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ, ਅਸੀਂ ਚੰਗੇ ਭਾਗਾਂ ਵਾਲੇ ਹਾਂ ਕਿ ਸਾਨੂੰ ਰੱਬ ਨੇ ਸੋਹਣੀ ਮਾਂ ਦਿੱਤੀ। 
''ਕੋਈ ਮੰਜ਼ਲ ਨਾ ਮਿਲਦੀ ਮਾਂ ਬਿਨਾਂ
ਦੱਸ ਕਿਵੇਂ ਸ਼ੁਕਰਾਨਾ ਕਰਾਂ ਮਾਂ ਤੇਰਾ
ਮਾਂ ਤੇਰੀਆਂ ਦੁਆਵਾਂ ਨੇ ਹੀ ਹੌਂਸਲਾ ਦਿੱਤਾ
ਅੱਜ ਜੋ ਵੀ ਬਸ ਤੇਰੇ ਹੀ ਕਰ ਕੇ ਹਾਂ
ਮਾਂ ਤੇਰੀਆਂ ਕੀਤੀਆਂ ਦੁਆਵਾਂ 'ਚ ਅਸਰ ਬਹੁਤ ਹੈ''


Related News