ਮਾਂ ਨੇ ਸ਼ੱਕੀ ਹਾਲਾਤ ’ਚ 8 ਸਾਲਾ ਪੁੱਤ ਨਹਿਰ ’ਚ ਸੁੱਟਿਆ, ਪੁਲਸ ਵਲੋਂ ਜਾਂਚ ਜਾਰੀ
Tuesday, Dec 27, 2022 - 06:12 PM (IST)
ਦਸੂਹਾ (ਝਾਵਰ) : ਅੱਜ ਉੱਚੀ ਬੱਸੀ ਨਹਿਰ ਵਿਚ ਦੁਪਹਿਰ ਸਮੇਂ ਪਿੰਡ ਵਧਾਈਆਂ ਦੀ 35 ਸਾਲਾ ਔਰਤ ਰੀਨਾ ਰਾਣੀ ਪਤਨੀ ਰਵੀ ਕੁਮਾਰ ਜਿਸ ਦਾ ਪਤੀ ਮਾਲਦੀਪ ਵਿਖੇ ਕੰਮ ਕਰਦਾ ਹੈ। ਔਰਤ ਵੱਲੋ ਆਪਣਾ 8 ਸਾਲਾ ਲੜਕਾ ਨਹਿਰ ਵਿਚ ਸੁੱਟ ਦੇਣ ਦਾ ਸਨਸਨੀਖੇਜ਼ ਸਮਾਚਾਰ ਮਿਲਿਆ ਹੈ। ਸੂਚਨਾਂ ਮਿਲਦੇ ਸਾਰ ਹੀ ਤੁਰੰਤ ਥਾਣਾ ਮੁਖੀ ਦਸੂਹਾ ਬਿਕਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਅਤੇ ਬੱਚੇ ਦੀ ਮਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸ ਸੰਬੰਧੀ ਜਦੋਂ ਥਾਣਾ ਮੁਖੀ ਬਿਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੱਚੇ ਦੀ ਮਾਂ ਇਹੀ ਕਹਿ ਰਹੀ ਹੈ ਕਿ ਉਹ ਉੱਚੀ ਬੱਸੀ ਬੱਸ ਵਿੱਚੋਂ ਉਤਰੀ ਅਤੇ ਉਹ ਨਹਿਰ ਕਿਨਾਰੇ ਚਲੀ ਗਈ, ਇਸ ਦੌਰਾਨ ਬੱਚਾ ਹੱਥੋਂ ਫਿਸਲ ਕੇ ਨਹਿਰ ਡਿੱਗ ਪਿਆ।
ਇਸ ਸਮੇਂ ਉਸ ਨੇ ਰੌਲਾ ਪਾਇਆ। ਬੱਚੇ ਅਭੀ ਦੇ ਦਾਦਾ ਚਰੰਜੀ ਲਾਲ, ਨਾਨਾ ਕਰਮ ਚੰਦ ਵਾਸੀ ਚੱਕ ਭਾਈਆਂ ਪਿੰਡ ਦੇ ਸਰਪੰਚ ਰੇਸ਼ਮ ਸਿੰਘ ਅਤੇ ਸਾਬਕਾ ਸਰਪੰਚ ਹਰਮਿੰਦਰ ਸਿੰਘ ਟੇਰਕਿਆਣਾ ਦੇ ਸਰਪੰਚ ਹਰਵਿੰਦਰ ਸਿੰਘ ਰਾਣਾ ਤੇ ਹੋਰ ਪਿੰਡ ਵਾਸੀ ਵੀ ਥਾਣਾ ਦਸੂਹਾ ਵਿਖੇ ਪਹੁੰਚ ਗਏ ਜਦ ਕਿ ਪਿੰਡ ਦੇ ਸਰਪੰਚ ਰਮੇਸ਼ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਬੱਚੇ ਦੇ ਪਿਤਾ ਨਾਲ ਮਾਲਦੀਪ ਵਿੱਖੇ ਗੱਲਬਾਤ ਹੋਈ ਜਿਸ ਨੇ ਰੋਂਦੇ ਹੋਏ ਦੱਸਿਆ ਕਿ ਮੇਰੀ ਪਤਨੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਦਕਿ ਬੱਚੇ ਦਾ ਨਾਨਾ ਕਰਮ ਚੰਦ, ਨਾਨੀ ਜੀਤੋ ਵਾਸੀ ਪਿੰਡ ਚੱਕ ਭੱਟੀਆਂ ਨਾਲ ਵੀ ਜਦੋਂ ਗੱਲਬਾਤ ਹੋਈ ਤਾਂ ਉਹ ਕੁੱਝ ਵੀ ਕਹਿਣ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ ਆਪਣੇ ਦੋਹਤੇ ਨੂੰ ਨਹਿਰ ਵਿਚ ਡਿੱਗਣ ਦਾ ਦੁੱਖ ਪ੍ਰਗਟ ਕੀਤਾ। ਬੱਚੇ ਅਭੀ ਦੀ ਭੈਣ ਖੁਸ਼ੀ ਨਾਨਕੇ ਪਿੰਡ ਗਈ ਹੋਈ ਸੀ ਅਤੇ ਉਸ ਦਾ ਵੀ ਰੋ-ਰੋ ਕੇ ਬੁਰਾ ਹਾਲ ਸੀ। ਥਾਣਾ ਮੁਖੀ ਦਸੂਹਾ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।