ਮਾਂ-ਪੁੱਤ ਮਿਲ ਕੇ ਕਰਦੇ ਸਨ ਨਸ਼ਾ ਸਮੱਗਲਿੰਗ, ਗ੍ਰਿਫਤਾਰ
Monday, Dec 09, 2019 - 11:20 PM (IST)
ਜਲੰਧਰ, (ਸ਼ੋਰੀ)— ਅਕਸਰ ਇਕ ਕਾਮਯਾਬ ਵਿਅਕਤੀ ਦੀ ਕਾਮਯਾਬੀ ਪਿੱਛੇ ਉਸਦੇ ਮਾਂ-ਬਾਪ ਦੀ ਸਖ਼ਤ ਮਿਹਨਤ ਅਤੇ ਦਿੱਤੇ ਸੰਸਕਾਰ ਹੁੰਦੇ ਹਨ ਪਰ ਕਈ ਵਾਰ ਮਾਂ-ਬਾਪ ਹੀ ਬੱਚੇ ਨੂੰ ਗਲਤ ਰਾਹ 'ਤੇ ਪਾਉਣ ਵਾਲੇ ਸਾਬਿਤ ਹੁੰਦੇ ਹਨ। ਅਜਿਹੀ ਹੀ ਇਕ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਇਕ ਔਰਤ ਗੁਰਮੀਤ ਕੌਰ ਤੇ ਉਸਦੇ ਪੁੱਤਰ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਥਾਣਾ ਮਹਿਤਪੁਰ ਦੇ ਐੱਸ. ਐੱਚ. ਓ. ਲਖਬੀਰ ਸਿੰਘ ਨੇ ਦੱਸਿਆ ਕਿ ਐੱਸ. ਆਈ. ਬਲਵਿੰਦਰ ਸਿੰਘ ਅਤੇ ਏ. ਐੱਸ.ਆਈ. ਲਾਭ ਸਿੰਘ ਤੇ ਮਹਿਲਾ ਪੁਲਸ ਮੁਲਾਜ਼ਮ ਬਲਜੀਤ ਕੌਰ ਨੇ ਗਸ਼ਤ ਦੌਰਾਨ ਜੀ. ਟੀ. ਰੋਡ 'ਤੇ ਮੋਟਰਸਾਈਕਲ ਸਵਾਰ ਮੇਜਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਗੋਸੂਵਾਲ ਥਾਣਾ ਮਹਿਤਪੁਰ ਤੇ ਉਸ ਦੀ ਮਾਂ ਗੁਰਮੀਤ ਕੌਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਤਲਾਸ਼ੀ ਲੈਣ 'ਤੇ ਦੋਵਾਂ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਮੁਲਜ਼ਮ ਮੇਜਰ ਸਿੰਘ ਤੇ ਉਸਦੀ ਮਾਤਾ ਗੁਰਮੇਜ ਕੌਰ ਦੋਵੇਂ ਮਿਲ ਕੇ ਸਮੱਗਲਰ ਗੁਰਮੀਤ ਸਿੰਘ ਵਾਸੀ ਮੱਦੇਪੁਰ ਜ਼ਿਲ੍ਹਾ ਜਗਰਾਓਂ ਤੋਂ ਹੈਰੋਇਨ ਖਰੀਦ ਕੇ ਲਿਆਂਦੇ ਸਨ ਤੇ 1600 ਪ੍ਰਤੀ ਗ੍ਰਾਮ ਖਰੀਦ ਕੇ ਉਸ ਨੂੰ ਮਹਿਤਪੁਰ ਇਲਾਕੇ 'ਚ 3200 ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਵੇਚਦੇ ਸਨ। ਐੱਸ. ਐੱਚ. ਓ. ਲਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਜਲਦੀ ਹੀ ਗੁਰਮੀਤ ਨੂੰ ਵੀ ਕੇਸ 'ਚ ਜਾਂਚ ਲਈ ਸ਼ਾਮਲ ਕਰੇਗੀ ਅਤੇ ਆਉਣ ਵਾਲੇ ਦਿਨਾਂ ਵਿਚ ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ਜਾਰੀ ਰਹੇਗੀ।