ਕੜਾਕੇ ਦੀ ਠੰਡ ਤੋਂ ਬਚਦਿਆਂ ਉੱਜੜ ਗਿਆ ਪਰਿਵਾਰ, ਦਮ ਘੁੱਟਣ ਕਾਰਨ ਮਾਂ-ਪੁੱਤ ਦੀ ਮੌਤ

Friday, Dec 27, 2024 - 11:36 AM (IST)

ਕੜਾਕੇ ਦੀ ਠੰਡ ਤੋਂ ਬਚਦਿਆਂ ਉੱਜੜ ਗਿਆ ਪਰਿਵਾਰ, ਦਮ ਘੁੱਟਣ ਕਾਰਨ ਮਾਂ-ਪੁੱਤ ਦੀ ਮੌਤ

ਨਿਊ ਚੰਡੀਗੜ੍ਹ (ਬੱਤਾ) : ਕੜਾਕੇ ਦੀ ਠੰਡ ਤੋਂ ਬਚਾਅ ਕਰਨ ਲਈ ਪਰਿਵਾਰ ਰਾਤ ਨੂੰ ਕਮਰੇ ’ਚ ਅੰਗੀਠੀ ਬਾਲ ਕੇ ਸੌਂ ਗਿਆ ਪਰ ਕੀ ਪਤਾ ਸੀ ਕਿ ਛੋਟੀ ਜਿਹੀ ਗਲਤੀ ਭਾਰੀ ਪੈ ਜਾਵੇਗੀ। ਧੂੰਏਂ ਨਾਲ ਦਮ ਘੁੱਟਣ ਕਾਰਨ ਮਾਂ ਅਤੇ ਡੇਢ ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਸ਼ੂਪਤੀ (23) ਤੇ ਦਿਵਿਆਂਸ਼ ਵਜੋਂ ਹੋਈ ਹੈ, ਜਦੋਂ ਕਿ ਪਿਤਾ ਦੀਪਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਉਸ ਨੂੰ ਚੰਡੀਗੜ੍ਹ ਸੈਕਟਰ-16 ਸਥਿਤ ਹਸਪਤਾਲ ’ਚ ਦਾਖ਼ਲ ਕਰਵਾਇਆ ਹੈ। ਥਾਣਾ ਮੁੱਲਾਂਪੁਰ ਨਿਊ ਚੰਡੀਗੜ੍ਹ ਦੇ ਏ. ਐੱਸ. ਆਈ. ਦਲਵਿੰਦਰ ਸਿੰਘ ਮੁਤਾਬਕ ਦੋਵੇਂ ਲਾਸ਼ਾਂ ਖਰੜ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤੀਆਂ ਗਈਆਂ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਪਰਿਵਾਰ ਹਵਾਲੇ ਕਰ ਦਿੱਤਾ ਜਾਵੇਗਾ। ਉਕਤ ਪਰਿਵਾਰ ਮੂਲ ਰੂਪ 'ਚ ਨੇਪਾਲ ਦਾ ਰਹਿਣ ਵਾਲਾ ਸੀ। ਉਹ ਨਿਊ ਚੰਡੀਗੜ੍ਹ ਦੀ ਇਕ ਕੋਠੀ ਦੇ ਸਰਵੈਂਟ ਕੁਆਰਟਰ ’ਚ ਰਹਿੰਦਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀਆਂ ਕਰਾਉਣ ਵਾਲਿਆਂ ਲਈ ਵੱਡੀ ਖ਼ਬਰ, ਤੁਸੀਂ ਵੀ ਨਾ ਕਰ ਲਿਓ ਇਹ ਗਲਤੀ

ਜਾਣਕਾਰੀ ਮੁਤਾਬਕ ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਭੀਮ ਮਲਹੋਤਰਾ ਦਾ ਘਰ ਮੁੱਲਾਂਪੁਰ-ਨਿਊ ਚੰਡੀਗੜ੍ਹ ਸਥਿਤ ਡੀ. ਐੱਲ. ਐੱਫ. ’ਚ ਹੈ, ਜਦਕਿ ਉਹ ਖ਼ੁਦ ਚੰਡੀਗੜ੍ਹ ’ਚ ਸਰਕਾਰੀ ਰਿਹਾਇਸ਼ ’ਚ ਰਹਿੰਦੇ ਹਨ। ਉਨ੍ਹਾਂ ਦਾ ਬੇਟਾ ਡੀ. ਐੱਲ. ਐੱਫ. ਸਥਿਤ ਘਰ ’ਚ ਰਹਿੰਦਾ ਹੈ। ਉਨ੍ਹਾਂ ਨੇ ਘਰ ’ਚ ਬਣੇ ਸਰਵੈਂਟ ਕੁਆਰਟਰ ’ਚ ਨੇਪਾਲੀ ਪਰਿਵਾਰ ਨੂੰ ਰੱਖਿਆ ਹੋਇਆ ਸੀ, ਜਿੱਥੇ ਦੀਪਕ ਆਪਣੀ ਪਤਨੀ ਅਤੇ ਡੇਢ ਸਾਲਾ ਬੱਚੇ ਨਾਲ ਰਹਿੰਦਾ ਸੀ। ਬੁੱਧਵਾਰ ਸਵੇਰੇ 8 ਵਜੇ ਤੱਕ ਜਦੋਂ ਨੌਕਰ ਨਹੀਂ ਉੱਠਿਆ ਤਾਂ ਪ੍ਰੋਫੈਸਰ ਦੇ ਬੇਟੇ ਨੇ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ। ਉਸ ਨੇ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਉਹ ਉੱਥੇ ਬੇਹੋਸ਼ ਹੋ ਕੇ ਡਿੱਗ ਪਿਆ। ਫਿਰ ਮਾਲਕ ਨੇ ਉਸ ਨੂੰ ਚੁੱਕਿਆ ਅਤੇ ਪਾਣੀ ਪਿਲਾਇਆ ਤੇ ਉਸ ਨੂੰ ਹੋਸ਼ ’ਚ ਲਿਆਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਦੇਖਿਆ ਕਿ ਨੌਕਰ ਦੀ ਪਤਨੀ ਤੇ ਛੋਟਾ ਬੱਚਾ ਵੀ ਬੇਹੋਸ਼ ਪਏ ਸਨ। ਜਦੋਂ ਨੇਪਾਲੀ ਨੌਕਰ ਨੂੰ ਹੋਸ਼ ਆਇਆ ਤਾਂ ਉਸ ਨੇ ਦੱਸਿਆ ਕਿ ਰਾਤ ਨੂੰ ਠੰਡ ਕਾਰਨ ਉਹ ਕਮਰੇ ’ਚ ਅੰਗੀਠੀ ਬਾਲ ਕੇ ਸੌਂ ਗਿਆ ਸੀ ਪਰ ਰਾਤ ਨੂੰ ਗੈਸ ਚੜ੍ਹਨ ਨਾਲ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਜਾਰੀ ਹੋਈ ਵੱਡੀ ਚਿਤਾਵਨੀ, ਇਨ੍ਹਾਂ 21 ਜ਼ਿਲ੍ਹਿਆਂ ਦੇ ਲੋਕ ਰਹਿਣ ਸਾਵਧਾਨ
ਸੌਂਦੇ ਸਮੇਂ ਖਿੜਕੀਆਂ ਜਾਂ ਦਰਵਾਜ਼ੇ ਖੁੱਲ੍ਹੇ ਰੱਖੋ, ਤਾਂ ਜੋ ਅੰਦਰ ਆਉਂਦੀ ਰਹੇ ਤਾਜ਼ੀ ਹਵਾ
ਇਸ ਬਾਰੇ ਡਾ. ਦਿਲਬਾਗ ਸਿੰਘ, ਸਾਬਕਾ ਐੱਸ. ਐੱਮ. ਓ., ਘੜੂੰਆਂ ਦਾ ਕਹਿਣਾ ਹੈ ਕਿ ਅੰਗੀਠੀ ਬਾਲਣ ਲਈ ਕੱਚੇ ਕੋਲੇ ਤੇ ਲੱਕੜ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਜ਼ਹਿਰੀਲੀ ਕਾਰਬਨ ਮੋਨੋਆਕਸਾਈਡ ਗੈਸ ਨਿਕਲਦੀ ਹੈ। ਇਸ ਨਾਲ ਸਰੀਰ ’ਚ ਆਕਸੀਜਨ ਦੀ ਕਮੀ ਤੇ ਸਾਹ ਦੀ ਬੀਮਾਰੀ ਵੀ ਹੋ ਸਕਦੀ ਹੈ। ਇਸ ਨਾਲ ਚਮੜੀ ਦੀ ਸਮੱਸਿਆ, ਸਿਰਦਰਦ, ਅੱਖਾਂ ਨੂੰ ਨੁਕਸਾਨ, ਬੱਚਿਆਂ ਤੇ ਪਾਲਤੂ ਜਾਨਵਰਾਂ ਲਈ ਜਲਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ। ਇਹ ਗੈਸ ਕਮਰੇ ਵਿੱਚ ਮੌਜੂਦ ਆਕਸੀਜਨ ਗੈਸ ਦੀ ਥਾਂ ਲੈਂਦੀ ਹੈ। ਆਕਸੀਜਨ ਘੱਟ ਹੋਣ ’ਤੇ ਵਿਅਕਤੀ ਬੇਹੋਸ਼ ਹੋ ਜਾਂਦਾ ਹੈ। ਜੇਕਰ ਬਹੁਤ ਜ਼ਿਆਦਾ ਕਾਰਬਨ ਮੋਨੋਆਕਸਾਈਡ ਸਰੀਰ ’ਚ ਦਾਖ਼ਲ ਹੋ ਜਾਂਦੀ ਹੈ, ਤਾਂ ਇਹ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਜਦੋਂ ਇਹ ਗੈਸ ਖ਼ੂਨ ’ਚ ਰਲ ਜਾਂਦੀ ਹੈ ਤਾਂ ਹੀਮੋਗਲੋਬਿਨ ਦਾ ਪੱਧਰ ਘੱਟ ਜਾਂਦਾ ਹੈ। ਆਕਸੀਜਨ ਦੀ ਸਪਲਾਈ ਘੱਟਣ ਲੱਗਦੀ ਹੈ ਅਤੇ ਮੌਤ ਹੋ ਸਕਦੀ ਹੈ। ਇਸ ਤੋਂ ਬਚਣ ਲਈ ਸਾਨੂੰ ਖਿੜਕੀਆਂ ਜਾਂ ਦਰਵਾਜ਼ੇ ਖੁੱਲ੍ਹੇ ਰੱਖਣੇ ਚਾਹੀਦੇ ਹਨ ਤਾਂ ਜੋ ਬਹੁਤ ਜ਼ਿਆਦਾ ਗੈਸ ਪੈਦਾ ਨਾ ਹੋਵੇ ਤੇ ਤਾਜ਼ੀ ਹਵਾ ਅੰਦਰ ਆਉਂਦੀ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


 


author

Babita

Content Editor

Related News