ਤੇਜ਼ ਰਫ਼ਤਾਰ ਸਵਿੱਫਟ ਨੇ ਮਾਰੀ ਟੱਕਰ, 19 ਸਾਲਾ ਨੌਜਵਾਨ ਦੀ ਮੌਤ
Thursday, Oct 23, 2025 - 03:46 PM (IST)

ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ–ਪਟਿਆਲਾ ਚੌਂਕ ਸੜਕ ’ਤੇ ਦਰਦਨਾਕ ਹਾਦਸਾ ਵਾਪਰਿਆ। ਇਸ ’ਚ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨਸ ਵਜੋਂ ਹੋਈ ਹੈ। ਉਹ ਪੇਸ਼ੇ ਨਾਲ ਰੰਗ ਕਰਦਾ ਸੀ ਅਤੇ ਸਵੇਰੇ ਕਰੀਬ ਸਾਢੇ ਸੱਤ ਵਜੇ ਮੋਟਰਸਾਈਕਲ ’ਤੇ ਪਿੰਡ ਛੱਤ ਲਾਈਟਾਂ ਤੋਂ ਪਟਿਆਲਾ ਚੌਂਕ ਵੱਲ ਆ ਰਿਹਾ ਸੀ। ਉਸਦਾ ਪਿਤਾ ਵੀ ਉਸਦੇ ਪਿੱਛੇ-ਪਿੱਛੇ ਆਪਣੇ ਮੋਟਰਸਾਈਕਲ ’ਤੇ ਆ ਰਹੇ ਸਨ।
ਜਦੋਂ ਅਨਸ ਏ.ਕੇ.ਐੱਮ. ਪੈਲੇਸ ਨੇੜੇ ਪੈਟਰੋਲ ਪੰਪ ਸਾਹਮਣੇ ਪਹੁੰਚਿਆ ਤਾਂ ਸਵਿੱਫਟ ਕਾਰ ਦੇ ਅਣਪਛਾਤੇ ਚਾਲਕ ਨੇ ਬਿਨਾਂ ਹਾਰਨ ਦਿੱਤੇ ਤੇਜ਼ ਰਫ਼ਤਾਰੀ ਤੇ ਲਾਪਰਵਾਹੀ ਨਾਲ ਮੋਟਰਸਾਈਕਲ ਪਿੱਛੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਅਨਸ ਮੋਟਰਸਾਈਕਲ ਸਮੇਤ ਸੜਕ ਵਿਚਾਲੇ ਡਿਵਾਈਡਰ ਨਾਲ ਜਾ ਟਕਰਾਇਆ ਤੇ ਗੰਭੀਰ ਜ਼ਖ਼ਮੀ ਹੋ ਗਿਆ। ਹਨੀਪ ਨੇ ਰਾਹਗੀਰਾਂ ਦੀ ਮਦਦ ਨਾਲ ਪੁੱਤਰ ਨੂੰ ਸਿਵਲ ਹਸਪਤਾਲ ਡੇਰਾਬੱਸੀ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਅਣਪਛਾਤੇ ਸਵਿੱਫਟ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।