23 ਕਿਲੋ ਭੁੱਕੀ ਸਣੇ ਮਾਂ-ਪੁੱਤ ਗ੍ਰਿਫਤਾਰ

Friday, Sep 29, 2017 - 12:27 PM (IST)

23 ਕਿਲੋ ਭੁੱਕੀ ਸਣੇ ਮਾਂ-ਪੁੱਤ ਗ੍ਰਿਫਤਾਰ

ਸਮਾਣਾ (ਦਰਦ)-ਪਿੰਡ ਤਲਵੰਡੀ ਮਲਿਕ ਵਿਚ ਸਦਰ ਪੁਲਸ ਸਮਾਣਾ ਨੇ ਕੀਤੀ ਗਈ ਰੇਡ ਦੌਰਾਨ ਇੱਕ ਘਰ ਵਿਚੋਂ 23 ਕਿਲੋ ਭੁੱਕੀ ਸਣੇ ਮਾਂ-ਪੁੱਤਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਧੰਦੇ ਵਿਚ ਸ਼ਾਮਲ ਇੱਕ ਹੋਰ ਔਰਤ ਘਟਨਾ ਵਾਲੀ ਥਾਂ ਤੋਂ ਫਰਾਰ ਹੋਣ ਵਿਚ ਸਫਲ ਰਹੀ।  ਥਾਣਾ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਪਿੰਡ ਤਲਵੰਡੀ ਦੇ ਜਸਵੰਤ ਸਿੰਘ ਦੇ ਘਰ ਵਿਚ ਭੁੱਕੀ ਵਿਕਰੀ ਬਾਰੇ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਥਾਣੇਦਾਰ ਛੱਜੂ ਸਿੰਘ ਨੇ ਪੁਲਸ ਪਾਰਟੀ ਸਣੇ ਜਦੋਂ ਉਨ੍ਹਾਂ ਦੇ ਘਰ ਵਿਚ ਛਾਪੇਮਾਰੀ ਕੀਤੀ ਤਾਂ ਤੂੜੀ ਦੇ ਕੋਠੇ ਵਿਚ ਇਕ ਥੈਲੇ 'ਚ ਰੱਖੀ ਹੋਈ 23 ਕਿਲੋ ਭੁੱਕੀ ਬਰਾਮਦ ਹੋਈ। 
ਪੁਲਸ ਨੇ ਘਰ ਦੀ ਮਾਲਕਨ ਤੇ ਉਸ ਦੇ ਬੇਟੇ ਸੁਰਿੰਦਰ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ।  ਪੁਲਸ ਅਧਿਕਾਰੀ ਛੱਜੂ ਸਿੰਘ ਨੇ ਦੱਸਿਆ ਕਿ ਭੁੱਕੀ ਦੇ ਇਸ ਧੰਦੇ ਵਿਚ ਹਿੱਸੇਦਾਰ ਪਿੰਡ ਦੀ ਹੀ ਇਕ ਔਰਤ ਰੇਡ ਦੌਰਾਨ ਆਪਣੇ ਘਰੋਂ ਫਰਾਰ ਹੋ ਗਈ। ਪੁਲਸ ਨੇ ਦੋਸ਼ੀਆਂ ਖਿਲਾਫ ਨਸ਼ਾ-ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News