ਮੈਨੇਜਰ ਪੁੱਤਰ ਵਲੋਂ ਮਾਂ ਨੂੰ ਘਰੋਂ ਕੱਢਣ ਦੇ ਮਾਮਲੇ ''ਚ ਆਇਆ ਨਵਾਂ ਮੋੜ, ਅਕਾਲੀ ਨੇਤਾ ''ਤੇ ਲੱਗੇ ਵੱਡੇ ਦੋਸ਼
Tuesday, Sep 01, 2020 - 06:39 PM (IST)
ਅੰਮ੍ਰਿਤਸਰ (ਛੀਨਾ) : ਸ਼੍ਰੋਮਣੀ ਕਮੇਟੀ 'ਚ ਮੈਨੇਜਰ ਦੀ ਡਿਊਟੀ ਨਿਭਾਉਣ ਵਾਲੇ ਪੁੱਤਰ ਵੱਲੋਂ ਆਪਣੀ ਮਾਂ ਨੂੰ ਜ਼ਬਰੀ ਘਰੋਂ ਕੱਢਣ ਦੇ ਮਾਮਲੇ 'ਚ ਅੱਜ ਉਦੋਂ ਨਵਾਂ ਮੋੜ ਆ ਗਿਆ ਜਦੋਂ ਪੁੱਤਰ 'ਤੇ ਦੋਸ਼ ਲਗਾਉਣ ਵਾਲੀ ਮਾਤਾ ਰਣਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਸਾਰੇ ਘਟਨਾਕ੍ਰਮ ਲਈ ਇਸਤਰੀ ਅਕਾਲੀ ਦਲ ਬਾਦਲ ਜ਼ਿਲ੍ਹਾ ਦਿਹਾਤੀ ਦੀ ਪ੍ਰਧਾਨ ਬੀਬੀ ਵਜਿੰਦਰ ਕੌਰ ਵੇਰਕਾ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ। ਉਨ੍ਹਾਂ ਕਿਹਾ ਕਿ ਬੀਬੀ ਵੇਰਕਾ ਕਾਰਨ ਹੀ ਮੇਰਾ ਪਰਿਵਾਰ ਸਿਆਸਤ ਦੀ ਭੇਟ ਚੜ੍ਹਿਆ ਹੈ ਜਿਸ ਲਈ ਪਾਰਟੀ ਹਾਈਕਮਾਨ ਨੂੰ ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਭਾਰੀ ਮੀਂਹ ਦੀ ਅੰਦਾਜ਼ਾ
ਮਾਤਾ ਰਣਜੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਆਪਣੇ ਪੁੱਤਰ ਨਾਲ ਜਦੋਂ ਘਰੇਲੂ ਝਗੜਾ ਚੱਲ ਰਿਹਾ ਸੀ ਤਾਂ ਉਹ ਉਸ ਵੇਲੇ ਗੁ. ਨਾਨਕਸਰ ਸਾਹਿਬ ਵੇਰਕਾ ਵਿਖੇ ਬਤੋਰ ਮੈਨੇਜਰ ਦੀ ਡਿਊਟੀ ਨਿਭਾਅ ਰਿਹਾ ਸੀ ਅਤੇ ਬੀਬੀ ਵਜਿੰਦਰ ਕੌਰ ਵੇਰਕਾ ਇਕ ਤਾਂ ਵੇਰਕਾ ਦੀ ਵਸਨੀਕ ਹੈ ਤੇ ਦੂਜਾ ਇਸਤਰੀ ਵਿੰਗ ਦਿਹਾਤੀ ਦੀ ਪ੍ਰਧਾਨ ਵੀ ਹੈ ਜਿਸ ਕਾਰਨ ਮੈਂ ਆਪਣੀ ਸਮੱਸਿਆ ਦੇ ਹੱਲ ਲਈ ਉਸ ਕੋਲ ਪਹੁੰਚੀ ਕਿ ਉਹ ਆਪਣੀ ਲਿਆਕਤ ਨਾਲ ਸਾਡੇ ਪਰਿਵਾਰ ਨੂੰ ਫਿਰ ਇਕਜੁਟ ਕਰ ਦੇਣ ਪਰ ਉਨ੍ਹਾਂ ਨੇ ਉਲਟਾ ਮੈਨੂੰ ਮੇਰੇ ਪੁੱਤਰ ਖ਼ਿਲਾਫ਼ ਹੋਰ ਭੜਕਾ ਕੇ ਆਪਣੇ ਇਕ ਖਾਸ ਵਿਅਕਤੀ ਰਾਹੀਂ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ਭੇਜ ਦਿਤਾ ਤੇ ਕਾਫੀ ਸਮਾਂ ਬੀਤ ਜਾਣ 'ਤੇ ਵੀ ਜਦੋਂ ਸਿੱਧੂ ਨਾਲ ਮੁਲਾਕਾਤ ਨਾ ਹੋਈ ਤਾਂ ਫਿਰ ਉਸ ਨੇ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਘਰ ਭੇਜ ਦਿੱਤਾ ਜਦੋਂ ਉਹ ਵੀ ਨਾ ਮਿਲੇ ਤਾਂ ਫਿਰ ਬੀਬੀ ਵੇਰਕਾ ਨੇ ਕਿਸੇ ਵਿਅਕਤੀ ਰਾਹੀਂ ਲੋਕ ਇਨਸਾਫ ਪਾਰਟੀ ਦੇ ਨੁਮਾਇੰਦਿਆਂ ਨਾਲ ਮੇਰੀ ਮੁਲਾਕਾਤ ਕਰਵਾ ਦਿਤੀ। ਫਿਰ ਜੋ ਕੁਝ ਹੋਇਆ ਵਾਪਰਿਆ ਉਹ ਸਭ ਦੇ ਸਾਮਣੇ ਹੈ।
ਇਹ ਵੀ ਪੜ੍ਹੋ : ਬਰਥਡੇ ਮਨਾਉਣ ਤੋਂ ਬਾਅਦ ਐੱਲ. ਪੀ. ਯੂ. ਦੀ ਵਿਦਿਆਰਥਣ ਨੂੰ ਮਾਰੀ ਗੋਲੀ
ਮਾਤਾ ਰਣਜੀਤ ਕੌਰ ਨੇ ਕਿਹਾ ਕਿ ਬੀਬੀ ਵੇਰਕਾ ਕੋਲ ਤਾਂ ਮੈਂ ਬੜੀ ਆਸ ਨਾਲ ਗਈ ਸੀ ਕਿ ਉਹ ਸਾਡੇ ਪਰਿਵਾਰ ਨੂੰ ਇਕੱਠਾ ਕਰਕੇ ਵਿਗੜੇ ਹੋਏ ਰਿਸ਼ਤਿਆਂ ਨੂੰ ਫਿਰ ਸੁਧਾਰ ਦੇਣਗੇ ਪਰ ਉਨ੍ਹਾਂ ਨੇ ਸਿਆਸੀ ਖੇਡ ਖੇਡਦਿਆਂ ਮੇਰੇ ਪਰਿਵਾਰ ਦੇ ਨਾਲ-ਨਾਲ ਗੁਰਧਾਮਾਂ ਦੀ ਸਾਂਭ ਸੰਭਾਲ ਕਰਨ ਵਾਲੀ ਸ਼੍ਰੋਮਣੀ ਕਮੇਟੀ ਦੀ ਵੀ ਭੰਡੀ ਕਰਵਾਈ ਹੈ ਜਿਸ ਲਈ ਮੈਂ ਉਸ ਨੂੰ ਕਦੇ ਵੀ ਮੁਆਫ਼ ਨਹੀਂ ਕਰਾਂਗੀ।
ਇਹ ਵੀ ਪੜ੍ਹੋ : ਵਿਆਹ ਤੋਂ ਦੋ ਮਹੀਨੇ ਬਾਅਦ ਹੀ ਮੰਦਬੁੱਧੀ ਦਾ ਸ਼ਿਕਾਰ ਹੋਈ 19 ਸਾਲਾ ਮੁਟਿਆਰ, ਹੁਣ ਬੰਨ੍ਹੀ ਸੰਗਲਾਂ ਨਾਲ
ਕੀ ਕਹਿੰਦੇ ਨੇ ਇਸਤਰੀ ਵਿੰਗ ਦੇ ਪ੍ਰਧਾਨ
ਇਸ ਸਬੰਧ 'ਚ ਇਸਤਰੀ ਵਿੰਗ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਬੀਬੀ ਵਜਿੰਦਰ ਕੌਰ ਵੇਰਕਾ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮਾਤਾ ਰਣਜੀਤ ਕੌਰ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਨਿਕਾਰਦਿਆਂ ਕਿਹਾ ਕਿ ਮਾਤਾ ਰਣਜੀਤ ਕੌਰ ਜਦੋਂ ਮੇਰੇ ਕੋਲ ਆਪਣੀ ਸਮੱਸਿਆ ਸਬੰਧੀ ਪਹੁੰਚੇ ਸਨ ਤਾਂ ਮੈਂ ਸਿਰਫ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਨਾਲ ਹੀ ਫੋਨ 'ਤੇ ਗੱਲਬਾਤ ਕੀਤੀ ਸੀ ਬਾਕੀ ਕਾਂਗਰਸੀ ਵਿਧਾਇਕਾ ਜਾਂ ਲੋਕ ਇਨਸਾਫ ਪਾਰਟੀ ਦੇ ਨੁਮਾਇੰਦਿਆ ਕੋਲ ਮਾਤਾ ਨੂੰ ਭੇਜਣ ਸਬੰਧੀ ਜੋ ਮੇਰੇ 'ਤੇ ਦੋਸ਼ ਮੜੇ ਜਾ ਰਹੇ ਹਨ ਉਨ੍ਹਾਂ 'ਚ ਕੋਈ ਸੱਚਾਈ ਨਹੀਂ ਹੈ।
ਇਹ ਵੀ ਪੜ੍ਹੋ : ਕਬੱਡੀ ਖ਼ਿਡਾਰੀ ਦੇ ਕਤਲ ਕਾਂਡ 'ਚ ਗ੍ਰਿਫ਼ਤਾਰ ਕੀਤੇ ਪੁਲਸ ਮੁਲਾਜ਼ਮਾਂ 'ਤੇ ਵੱਡੀ ਕਾਰਵਾਈ