ਮੋਸਟ ਵਾਂਟੇਡ ਬਦਮਾਸ਼ ਸੁਖਪ੍ਰੀਤ ਬੁੱਢਾ ਰੋਮਾਨੀਆ ''ਚ ਗ੍ਰਿਫਤਾਰ (ਵੀਡੀਓ)

08/17/2019 6:33:55 PM

ਚੰਡੀਗੜ੍ਹ (ਐੱਚ. ਐੱਸ. ਜੱਸੋਵਾਲ) : ਪਿਛਲੇ ਲੰਮੇ ਸਮੇਂ ਤੋਂ ਪੰਜਾਬ ਪੁਲਸ ਨੂੰ ਲੋੜੀਂਦੇ ਖਤਰਨਾਕ ਬਦਮਾਸ਼ ਸੁਖਪ੍ਰੀਤ ਸਿੰਘ ਉਰਫ ਬੁੱਢਾ ਨੂੰ ਰੋਮਾਨੀਆ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ 'ਮੋਸਟ ਵਾਂਟੇਡ' ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦੀ ਰੋਮਾਨੀਆ ਦੇਸ਼ ਵਿਚ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 'ਪੰਜਾਬ ਪੁਲਸ ਨੇ ਦਰਅਸਲ 'ਇੰਟਰਪੋਲ' ਤੱਕ ਪਹੁੰਚ ਕਰ ਕੇ 'ਬੁੱਢਾ' ਬਾਰੇ ਜਾਣਕਾਰੀ ਉਸ ਦੇ ਅਧਿਕਾਰੀਆਂ ਨਾਲ ਸਾਂਝੀ ਕੀਤੀ ਸੀ। ਇਸ ਤੋਂ ਪਹਿਲਾਂ ਸੀ. ਬੀ. ਆਈ.  ਤੱਕ ਪਹੁੰਚ ਕੀਤੀ ਗਈ ਸੀ ਕਿਉਂਕਿ ਭਾਰਤ ਵੱਲੋਂ ਸੀ. ਬੀ. ਆਈ. ਹੀ ਇੰਟਰਪੋਲ ਨਾਲ ਸਿੱਧੀ ਗੱਲਬਾਤ ਕਰਦੀ ਹੈ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਅਜੇ ਉੱਚ–ਪੱਧਰੀ ਸੂਤਰਾਂ ਤੋਂ ਸਿਰਫ਼ ਇਹੋ ਖ਼ਬਰ ਮਿਲੀ ਹੈ ਕਿ ਬਦਮਾਸ਼ ਸੁਖਪ੍ਰੀਤ ਸਿੰਘ ਬੁੱਢਾ ਨੂੰ ਚਾਰ–ਪੰਜ ਦਿਨ ਪਹਿਲਾਂ ਰੋਮਾਨੀਆ ਦੇ ਇਕ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ, ਇੰਟਰਪੋਲ ਦੇ ਅਧਿਕਾਰੀ ਪੰਜਾਬ ਪੁਲਸ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਕਰਦੇ। ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਮੁਤਾਬਕ ਹਾਲੇ ਸੁਖਪ੍ਰੀਤ ਸਿੰਘ ਬੁੱਢਾ ਦੀ ਗ੍ਰਿਫ਼ਤਾਰੀ ਦੇ ਪੂਰੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਪੁਲਸ ਦਾ ਇਹ ਵੀ ਦਾਅਵਾ ਹੈ ਕਿ ਸੁਖਪ੍ਰੀਤ ਸਿੰਘ ਬੁੱਢਾ ਨੇ ਆਪਣੇ ਸੰਪਰਕ ਤੇ ਸਬੰਧ ਕੁਝ ਖ਼ਾਲਿਸਤਾਨ–ਪੱਖੀ ਤੱਤਾਂ ਨਾਲ ਵੀ ਕਾਇਮ ਕਰ ਲਏ ਸਨ। ਉਂਝ ਯੂਰਪ 'ਚ ਕੁਝ ਖ਼ਾਲਿਸਤਾਨ ਪੱਖੀਆਂ ਨੇ ਆਪੋ–ਆਪਣੇ ਫ਼ੇਸਬੁੱਕ ਖਾਤਿਆਂ 'ਤੇ ਸੁਖਪ੍ਰੀਤ ਸਿੰਘ ਬੁੱਢਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। 

ਦੱਸਣਯੋਗ ਹੈ ਕਿ ਸੁਖਪ੍ਰੀਤ ਸਿੰਘ ਬੁੱਢਾ ਨੇ 20 ਮਾਰਚ, 2011 ਨੂੰ ਆਪਣੇ ਹੀ ਪਿੰਡ ਕੁੱਸਾ (ਮੋਗਾ) 'ਚ ਇਕ ਕਤਲ ਕੀਤਾ ਸੀ। ਇਸ ਕਤਲ–ਕੇਸ ਵਿਚ ਉਸ ਨੂੰ 5 ਅਗਸਤ, 2015 ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅਗਲੇ ਸਾਲ 2016 ਦੌਰਾਨ ਉਹ ਪੈਰੋਲ ਦੌਰਾਨ ਫ਼ਰਾਰ ਹੋ ਗਿਆ ਸੀ। ਫਿਰ ਉਸ ਨੂੰ ਭਗੌੜਾ ਵੀ ਐਲਾਨ ਦਿੱਤਾ ਗਿਆ ਸੀ। 17 ਜਨਵਰੀ, 2017 ਨੂੰ  ਉਸ ਡੱਬਵਾਲੀ ਦੇ ਇਕ ਵਪਾਰੀ ਦਾ ਕਤਲ ਕੀਤਾ ਸੀ। ਫਿਰ ਉਸ ਨੇ ਉਸੇ ਵਰ੍ਹੇ ਜੁਲਾਈ 'ਚ ਜੈਤੋ ਦੇ ਇਕ ਹੋਰ ਕਾਰੋਬਾਰੀ ਰਵਿੰਦਰ ਪੱਪੂ ਕੋਛੜ ਦਾ ਵੀ ਕਤਲ ਕਰ ਦਿੱਤਾ ਸੀ। ਇਸ ਤੋਂ ਇਲਾਵਾ ਜੂਨ 2017 ਦੌਰਾਨ ਸੁਖਪ੍ਰੀਤ ਸਿੰਘ ਬੁੱਢਾ ਨੇ ਆਪਣੇ ਇਕ ਹੋਰ ਸਾਥੀ ਨਾਲ ਮਿਲ ਕੇ ਇਕ ਪੋਲਟਰੀ–ਫ਼ਾਰਮ ਦੇ ਮਾਲਕ ਹਰਦੇਵ ਸਿੰਘ ਗੋਗੀ ਜਟਾਣਾ – ਨਿਵਾਸੀ ਰਾਮਪੁਰਾ ਫੂਲ (ਬਠਿੰਡਾ) ਦੀ ਵੀ ਜਾਨ ਲੈ ਲਈ ਸੀ।


Gurminder Singh

Content Editor

Related News