ਕਿਸ਼ਨਗੜ੍ਹ ਚੌਕ ''ਚ ਓਵਰਲੋਡ ਟਰਾਲੀ ''ਚੋਂ ਮੋਸ਼ੇ ਡਿੱਗੇ, ਵੱਡਾ ਹਾਦਸਾ ਟਲਿਆ
Friday, Feb 09, 2018 - 04:55 AM (IST)

ਕਿਸ਼ਨਗੜ੍ਹ, (ਬੈਂਸ)- ਬੀਤੇ ਦਿਨ ਕਿਸ਼ਨਗੜ੍ਹ ਚੌਕ ਵਿਚ ਉਸ ਵੇਲੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਜਦ ਇਕ ਓਵਰਲੋਡ ਲੱਕੜ ਨਾਲ ਭਰੀ ਟਰਾਲੀ ਦੇ ਪਿੱਛੋਂ ਮੋਸ਼ੇ ਡਿੱਗ ਕੇ ਚੌਕ ਵਿਚ ਖਿਲਰ ਗਏ। ਜਾਣਕਾਰੀ ਅਨੁਸਾਰ ਜਦੋਂ ਓਵਰਲੋਡ ਲੱਕੜ ਨਾਲ ਭਰੀ ਟਰਾਲੀ ਉਕਤ ਚੌਕ ਵਿਚੋਂ ਲੰਘ ਰਹੀ ਸੀ ਤਾਂ ਅਚਾਨਕ ਉਕਤ ਟਰਾਲੀ ਵਿਚੋਂ ਸਫੈਦਿਆਂ ਦੇ ਮੋਸ਼ੇ ਡਿੱਗਣ ਕਾਰਨ ਟਰੈਕਟਰ-ਟਰਾਲੀ ਦੇ ਪਿੱਛੇ ਆ ਰਹੇ ਵਾਹਨ ਚਾਲਕਾਂ ਨੇ ਆਪਣੀ ਸੂਝ-ਬੂਝ ਨਾਲ ਕਿਸੇ ਨਾ ਕਿਸੇ ਤਰ੍ਹਾਂ ਆਪੋ-ਆਪਣੀਆਂ ਗੱਡੀਆਂ ਇਧਰ-ਉਧਰ ਕਰ ਕੇ ਬਚਾਈਆਂ। ਟਰਾਲੀ ਵਿਚੋਂ ਮੋਸ਼ੇ ਡਿੱਗਣ ਕਰ ਕੇ ਅਲਾਵਲਪੁਰ ਵਲ ਜਾਣ ਵਾਲੀ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਦੁਕਾਨਦਾਰਾਂ ਨੇ ਦੱਸਿਆ ਕਿ ਇਥੋਂ ਰੋਜ਼ਾਨਾ ਓਵਰਲੋਡ ਟਰਾਲੇ, ਟਰੈਕਟਰ-ਟਰਾਲੀਆਂ ਲੰਘਦੇ ਰਹਿੰਦੇ ਹਨ। ਇਸ ਘਟਨਾ ਨਾਲ ਲਗਭਗ ਇਕ ਘੰਟਾ ਆਵਾਜਾਈ ਪ੍ਰਭਾਵਿਤ ਹੋਈ ਹੈ ਪਰ ਕਿਸੇ ਮਹਿਕਮੇ ਦਾ ਕੋਈ ਵੀ ਕਰਮਚਾਰੀ ਮੌਕੇ 'ਤੇ ਨਹੀਂ ਪੁੱਜਾ। ਕੀ ਪੁਲਸ ਪ੍ਰਸ਼ਾਸਨ ਜਾਂ ਟ੍ਰੈਫਿਕ ਵਿਭਾਗ ਸਿਰਫ ਮਾੜੇ ਵਿਅਕਤੀ ਜਾਂ ਸਰਕਾਰੇ-ਦਰਬਾਰੇ ਪਹੁੰਚ ਨਾ ਰੱਖਣ ਵਾਲਿਆਂ ਤਕ ਹੀ ਸੀਮਤ ਹੋ ਕੇ ਰਹਿ ਗਿਆ।