ਰਸਤੇ ਬੰਦ ਹੋਣ ਕਾਰਨ ਅਫਵਾਹਾਂ ਦੇ ਦੌਰ ''ਚ ਚਲਾਈਆਂ ਗਈਆਂ 300 ਤੋਂ ਵੱਧ ਬੱਸਾਂ

Sunday, Sep 27, 2020 - 02:40 PM (IST)

ਰਸਤੇ ਬੰਦ ਹੋਣ ਕਾਰਨ ਅਫਵਾਹਾਂ ਦੇ ਦੌਰ ''ਚ ਚਲਾਈਆਂ ਗਈਆਂ 300 ਤੋਂ ਵੱਧ ਬੱਸਾਂ

ਜਲੰਧਰ(ਪੁਨੀਤ)–ਖੇਤੀ ਬਿੱਲਾਂ ਖਿਲਾਫ ਕਿਸਾਨਾਂ ਦੇ ਵਿਰੋਧ ਕਰਕੇ ਸ਼ਨੀਵਾਰ ਨੂੰ ਸੜਕਾਂ ਬੰਦ ਹੋਣ ਦੀਆਂ ਅਫਵਾਹਾਂ ਦਾ ਦੌਰ ਚੱਲਦਾ ਰਿਹਾ, ਜਿਸ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਉਲਝਣ 'ਚ ਪਾਈ ਰੱਖਿਆ। ਟਰੇਨਾਂ ਬੰਦ ਹੋਣ ਕਾਰਨ ਬੱਸਾਂ ਰਵਾਨਾ ਕਰਨ ਤੋਂ ਪਹਿਲਾਂ ਉੱਡੀਆਂ ਅਫਵਾਹਾਂ ਨਾਲ ਕਈ ਯਾਤਰੀ ਵੀ ਡਰੇ ਹੋਏ ਨਜ਼ਰ ਆਏ, ਜਿਸ ਕਾਰਨ ਕਈ ਬੱਸਾਂ ਨੂੰ ਦੇਰੀ ਨਾਲ ਰਵਾਨਾ ਕੀਤਾ ਗਿਆ।
ਬੱਸਾਂ ਚਲਾਉਣ ਸਬੰਧੀ ਉਲਝਣ ਵਾਲੀ ਹਾਲਤ ਦੌਰਾਨ ਯਾਤਰੀਆਂ ਨੂੰ ਸਹੂਲਤ ਮੁਹੱਈਆ ਕਰਵਾਉਣ ਲਈ ਅਧਿਕਾਰੀਆਂ ਵੱਲੋਂ ਦੂਜੇ ਸ਼ਹਿਰਾਂ ਤੋਂ ਜਾਣਕਾਰੀ ਪ੍ਰਾਪਤ ਕਰ ਕੇ ਬੱਸਾਂ ਨੂੰ ਰਵਾਨਾ ਕੀਤਾ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਸਾਰੀਆਂ ਸੜਕਾਂ ਸਾਫ ਮਿਲੀਆਂ, ਜਿਸ ਨਾਲ ਬੱਸਾਂ ਸਮੇਂ ਸਿਰ ਆਪਣੀ ਮੰਜ਼ਿਲ 'ਤੇ ਪਹੁੰਚ ਗਈਆਂ। ਦੂਜੇ ਸ਼ਹਿਰਾਂ 'ਚ ਵੀ ਉੱਡੀਆਂ ਅਜਿਹੀਆਂ ਅਫਵਾਹਾਂ ਕਾਰਨ ਘੱਟ ਬੱਸਾਂ ਚੱਲ ਸਕੀਆਂ। ਜਲੰਧਰ ਬੱਸ ਅੱਡੇ ਤੋਂ ਰਿਸਕ ਉਠਾ ਕੇ ਕੁੱਲ 300 ਤੋਂ ਵੱਧ ਬੱਸਾਂ ਵੱਖ-ਵੱਖ ਰੂਟਾਂ 'ਤੇ ਰਵਾਨਾ ਕੀਤੀਆਂ ਗਈਆਂ।

ਪੰਜਾਬ ਰੋਡਵੇਜ਼ ਦੇ ਜਲੰਧਰ ਡਿਪੂ ਸਮੇਤ ਦੂਜੇ ਡਿਪੂਆਂ ਤੋਂ ਜਲੰਧਰ ਆਈਆਂ ਬੱਸਾਂ ਤੋਂ ਵਿਭਾਗ ਨੂੰ 2.30 ਲੱਖ ਰੁਪਏ ਦੀ ਕੁਲੈਕਸ਼ਨ ਹੋਈ। ਜਲੰਧਰ ਡਿਪੂ-1 ਵੱਲੋਂ 54, ਜਦੋਂ ਕਿ ਡਿਪੂ-2 ਵੱਲੋਂ 30 ਬੱਸਾਂ ਚਲਾਈਆਂ ਗਈਆਂ। ਐਤਵਾਰ ਨੂੰ ਟਰੇਨਾਂ ਚੱਲਣ ਸਬੰਧੀ ਉਲਝਣ ਬਰਕਰਾਰ ਹੈ, ਜਿਸ ਕਾਰਨ ਟਰਾਂਸਪੋਰਟ ਵਿਭਾਗ ਵੱਲੋਂ ਯਾਤਰੀਆਂ ਦੀ ਸਹੂਲਤ ਅਨੁਸਾਰ ਬੱਸਾਂ ਨੂੰ ਆਨ-ਡਿਮਾਂਡ ਚਲਾਇਆ ਜਾਵੇਗਾ। ਐਤਵਾਰ ਨੂੰ ਯਾਤਰੀਆਂ ਦੀ ਗਿਣਤੀ ਘੱਟ ਹੁੰਦੀ ਹੈ, ਇਸ ਲਈ ਬੱਸਾਂ ਨੂੰ ਸਟੈਂਡਬਾਏ ਰੱਖਿਆ ਜਾਵੇਗਾ, ਜਿਸ ਰੂਟ 'ਤੇ ਯਾਤਰੀ ਵੱਧ ਹੋਣਗੇ, ਉਸ ਰੂਟ 'ਤੇ ਬੱਸਾਂ ਰਵਾਨਾ ਹੋਣਗੀਆਂ।
ਉਥੇ ਹੀ ਅੱਜ ਬੱਸਾਂ 'ਚ ਬੈਠਣ ਵਾਲੇ ਯਾਤਰੀਆਂ ਨੂੰ ਮਾਸਕ ਪਾਉਣ ਦੀਆਂ ਹਦਾਇਤਾਂ ਅਨਾਊਂਸਮੈਂਟ ਕਰ ਕੇ ਲਗਾਤਾਰ ਦਿੱਤੀਆਂ ਜਾ ਰਹੀਆਂ ਸਨ ਅਤੇ ਅਧਿਕਾਰੀਆਂ ਵੱਲੋਂ ਵੀ ਬੱਸ ਅੱਡੇ 'ਚ ਸਮੇਂ-ਸਮੇਂ ਵਿਜ਼ਿਟ ਕਰ ਕੇ ਲੋਕਾਂ ਨੂੰ ਦੂਰੀ ਬਣਾਉਣ ਲਈ ਕਿਹਾ ਜਾ ਰਿਹਾ ਸੀ।


author

Aarti dhillon

Content Editor

Related News