ਸ਼ੋਅਰੂਮ ’ਚ ਚੋਰਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜ਼ਾਮ , 3 ਲੱਖ ਦੇ ਕੱਪੜੇ ਤੇ 2 ਲੱਖ ਦੀ ਨਕਦੀ ਲੈ ਹੋਏ ਰਫੂ ਚੱਕਰ
Friday, Apr 08, 2022 - 10:06 AM (IST)
ਲੁਧਿਆਣਾ (ਤਰੁਣ) : ਫੈਕਟਰੀ ਅਤੇ ਦੁਕਾਨਾਂ ਦੇ ਜਿੰਦਰੇ ਤੋੜ ਕੇ ਲੱਖਾਂ ਦਾ ਮਾਲ ਅਤੇ ਨਕਦੀ ਚੋਰੀ ਕਰਨ ਵਾਲੇ ਗੈਂਗ ਨੇ ਬੀਤੀ ਰਾਤ ਇਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰ ਗੈਂਗ ਨੇ ਥਾਣਾ ਦਰੇਸੀ ਦੇ ਇਲਾਕੇ ਸੁੰਦਰ ਨਗਰ ਮੇਨ ਰੋਡ ਸਥਿਤ ਪੰਜਾਬ ਫੈਬ੍ਰਿਕਸ ਨੂੰ ਨਿਸ਼ਾਨਾ ਬਣਾਇਆ ਹੈ, ਜਿੱਥੋਂ ਲੱਖਾਂ ਦਾ ਮਾਲ ਅਤੇ ਪੌਣੇ 2 ਲੱਖ ਦੀ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ। ਚੋਰੀ ਦਾ ਤਰੀਕਾ ਬਿਲਕੁਲ ਉਸੇ ਤਰ੍ਹਾਂ ਦਾ ਹੀ ਸੀ, ਜਿਵੇਂ 25 ਦਿਨ ਵਿਚ ਵਾਪਰੀਆਂ 7 ਵਾਰਦਾਤਾਂ ਵਿਚ ਹੋਇਆ ਹੈ। ਇਸ ਵਾਰ ਵੀ ਗੈਂਗ ਨੇ ਫੈਕਟਰੀ ਦੇ ਜਿੰਦਰੇ ਤੋੜੇ, ਸੀ. ਸੀ. ਟੀ. ਵੀ. ਕੈਮਰਿਆਂ ਦਾ ਰੁਖ ਆਸਮਾਨ ਵੱਲ ਮੋੜਿਆ ਅਤੇ ਕੰਪਲੈਕਸ ਦੇ ਅੰਦਰ ਗੋਦਾਮ ਅਤੇ ਆਫਿਸ ਤੋਂ ਲੱਖਾਂ ਦਾ ਮਾਲ ਅਤੇ ਨਕਦੀ ਚੋਰੀ ਕੀਤੀ ਅਤੇ ਮਾਲ ਟੈਂਪੂ ’ਚ ਲੱਦ ਕੇ ਫਰਾਰ ਹੋ ਗਏ। ਪੰਜਾਬ ਫੈਬ੍ਰਿਕਸ ਦੇ ਮਾਲਕ ਕੰਵਲਜੀਤ ਸਿੰਘ ਨਿਵਾਸੀ ਬਸੰਤ ਐਵੇਨਿਊ, ਦੁੱਗਰੀ ਨੇ ਦੱਸਿਆ ਕਿ ਸਵੇਰੇ ਜਦੋਂ ਉਨ੍ਹਾਂ ਨੇ ਦੁਕਾਨ ਖੋਲ੍ਹੀ ਤਾਂ ਪਤਾ ਲੱਗਾ ਕਿ ਪਿਛਲੇ ਗੇਟ ਦੀ ਪਹਿਲੀ ਮੰਜ਼ਿਲ ਦਾ ਦਰਵਾਜ਼ਾ ਟੁੱਟਿਆ ਹੋਇਆ ਹੈ। ਸਾਰ-ਸੰਭਾਲ ਕਰਨ ’ਤੇ ਪਤਾ ਲੱਗਾ ਕਿ ਚੋਰ ਦੁਕਾਨ ’ਚੋਂ ਕੱਪੜੇ ਦੇ 50 ਥਾਨ ਅਤੇ ਆਫਿਸ ਦੇ ਗੱਲੇ ’ਚ ਪਈ ਪੌਣੇ 2 ਲੱਖ ਦੀ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ। ਥਾਣਾ ਦਰੇਸੀ ਦੀ ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ‘ਆਪ’ ਵਿਧਾਇਕਾਂ ਨੂੰ ਬੀਬੀਆਂ ਦਾ ਸਵਾਲ: ਸਾਡੇ ਖਾਤਿਆਂ ’ਚ ਕਦੋਂ ਆਉਣਗੇ ਹਜ਼ਾਰ-ਹਜ਼ਾਰ ਰੁਪਏ?
ਸੀ. ਸੀ. ਟੀ. ਵੀ. ਫੁਟੇਜ ’ਚ ਕੈਦ ਹੋਏ 5 ਚੋਰ
ਸੂਤਰਾਂ ਮੁਤਾਬਕ ਮਹਾਨਗਰ ਦੀਆਂ ਫੈਕਟਰੀਆਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਗੈਂਗ ਸਰਗਰਮ ਹੈ। ਸਾਰੀਆਂ ਵਾਰਦਾਤਾਂ ਕਰਨ ਦਾ ਤਰੀਕਾ ਇਕੋ ਜਿਹਾ ਹੈ। ਬੀਤੇ 25 ਦਿਨ ’ਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੀ ਗਿਣਤੀ 4 ਤੋਂ 5 ਹੈ। ਦੁਕਾਨ ਮਾਲਕ ਨੇ ਦੱਸਿਆ ਕਿ 2 ਚੋਰ ਕਰੀਬ ਰਾਤ ਸਵਾ 1 ਵਜੇ ਦੁਕਾਨ ਦੇ ਅੰਦਰ ਦਾਖਲ ਹੋਏ। ਤੀਜਾ ਚੋਰ ਕੁਝ ਦੇਰ ਬਾਅਦ ਅੰਦਰ ਦਾਖਲ ਹੋਇਆ। ਕਰੀਬ 2 ਘੰਟੇ ਤੱਕ 3 ਚੋਰ ਦੁਕਾਨ ਦੇ ਅੰਦਰ ਰਹੇ ਅਤੇ ਤਸੱਲੀ ਨਾਲ ਤਲਾਸ਼ੀ ਲੈਣ ਤੋਂ ਬਾਅਦ ਨਕਦੀ ਅਤੇ ਮਾਲ ਇਕੱਠਾ ਕੀਤਾ। ਕਰੀਬ ਡੇਢ ਘੰਟੇ ਬਾਅਦ ਤੀਜਾ ਚੋਰ ਬਾਹਰ ਨਿਕਲਿਆ, ਜਿਸ ਨੇ ਚੌਥੇ ਅਤੇ ਪੰਜਵੇਂ ਚੋਰ ਨੂੰ ਬੁਲਾਇਆ, ਜਿਨ੍ਹਾਂ ਨੇ ਬਲੈਰੋ ਟਾਈਪ ਟੈਂਪੂ ਦਾ ਇੰਜਣ ਬੰਦ ਕਰ ਕੇ ਧੱਕਦੇ ਹੋਏ ਦੁਕਾਨ ਦੀ ਪਿਛਲੀ ਗਲੀ ’ਚ ਖੜ੍ਹਾ ਕੀਤਾ ਅਤੇ ਮਾਲ ਲੋਡ ਕਰਨ ਤੋਂ ਬਾਅਦ ਇਕਦਮ ਫਰਾਰ ਹੋ ਗਏ।
ਬੀਤੇ 25 ਦਿਨਾਂ ’ਚ ਵਾਪਰੀਆਂ ਇਹ ਵਾਰਦਾਤਾਂ
-13 ਮਾਰਚ ਥਾਣਾ ਬਸਤੀ ਜੋਧੇਵਾਲ ਸੰਨਿਆਸ ਨਗਰ ਇਲਾਕੇ ਦੀ ਇਕ ਫੈਕਟਰੀ ਤੋਂ 6 ਲੱਖ ਦਾ ਧਾਗਾ, ਨਕਦੀ ਅਤੇ ਕੀਮਤੀ ਸਾਮਾਨ ਚੋਰੀ।
-16 ਮਾਰਚ ਥਾਣਾ ਸਰਾਭਾ ਨਗਰ ਦੇ ਇਲਾਕੇ ਬਾੜੇਵਾਲ ਰੋਡ ਸਥਿਤ ਬਾਵਾ ਗਾਰਮੈਂਟਸ ’ਚੋਂ 7 ਲੱਖ ਦਾ ਮਾਲ ਚੋਰੀ।
-29 ਮਾਰਚ ਥਾਣਾ ਦਰੇਸੀ ਦੇ ਇਲਾਕੇ ਗੁਰੂ ਨਾਨਕ ਨਗਰ ਸਥਿਤ ਵਿਸ਼ਾਲ ਸੇਲਜ਼ ਕਾਰਪੋਰੇਸ਼ਨ ਦੇ ਜਿੰਦਰੇ ਤੋੜ ਕੇ 15 ਲੱਖ ਦਾ ਗਾਰਮੈਂਟਸ ਚੋਰੀ।
-30 ਮਾਰਚ ਥਾਣਾ ਦਰੇਸੀ ਸ਼ਿਵਪੁਰੀ ਬਿੰਦਰਾ ਕਾਲੋਨੀ ਸਥਿਤ ਫੈਕਟਰੀ ’ਚੋਂ 10 ਲੱਖ ਦੀ ਕੀਮਤ ਦੀਆਂ ਮਸ਼ੀਨਾਂ, ਲੈਪਟਾਪ ਸਮੇਤ 80 ਹਜ਼ਾਰ ਦੀ ਨਕਦੀ ਚੋਰੀ।
-31 ਮਾਰਚ ਸੁੰਦਰ ਨਗਰ ਸਥਿਤ 2 ਫੈਕਟਰੀਆਂ ’ਚੋਂ ਲੱਖਾਂ ਦਾ ਮਾਲ ਅਤੇ ਨਕਦੀ ਚੋਰੀ।
-ਬਹਾਦਰਕੇ ਰੋਡ ਸਥਿਤ ਫੈਕਟਰੀ ਤੋਂ ਲੱਖਾਂ ਦਾ ਮਾਲ ਚੋਰੀ।
ਇਹ ਵੀ ਪੜ੍ਹੋ : ਬਠਿੰਡਾ-ਕੋਟਕਪੂਰਾ ਨੈਸ਼ਨਲ ਹਾਈਵੇ ਜਾਮ ਦੀ ਹੋਈ ਸਮਾਪਤੀ, ਮੋਰਚੇ ਵੱਲੋਂ ਸਰਕਾਰ ਨੂੰ 2 ਦਿਨ ਦਾ ਅਲਟੀਮੇਟਮ
ਪੁਲਸ ਪ੍ਰਸ਼ਾਸਨ ਵਪਾਰੀ ਵਰਗ ਦੀ ਸੁਰੱਖਿਆ ਕਰਨ ’ਚ ਅਸਫਲ
16 ਮਾਰਚ ਨੂੰ ਇਸੇ ਤਰ੍ਹਾਂ ਦੀ ਚੋਰੀ ਥਾਣਾ ਸਰਾਭਾ ਨਗਰ ਦੇ ਇਲਾਕੇ ਬਾੜੇਵਾਲ ਰੋਡ ਸਥਿਤ ਬਾਵਾ ਗਾਰਮੈਂਟਸ ’ਚ ਹੋਈ ਸੀ। ਦੁਕਾਨ ਮਾਲਕ ਨੇ ਦੱਸਿਆ ਕਿ ਚੋਰਾਂ ਦੀ ਗਿਣਤੀ 4-5 ਹੈ । ਚੋਰ ਜਿੰਦਰੇ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੋਏ ਅਤੇ ਟੈਂਪੂ ਵਿਚ ਮਾਲ ਲੱਦ ਕੇ ਫਰਾਰ ਹੋ ਗਏ, ਜਦੋਂਕਿ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਸਿਰਫ ਖਾਨਾਪੂਰਤੀ ਲਈ ਕੇਸ ਦਰਜ ਕੀਤਾ ਹੈ, ਜਦੋਂਕਿ ਚੋਰਾਂ ਦਾ ਗੈਂਗ ਇੰਨੀਆਂ ਵਾਰਦਾਤਾਂ ਕਰਨ ਦੇ ਬਾਵਜੂਦ ਪੁਲਸ ਦੀ ਗ੍ਰਿਫਤ ਤੋਂ ਦੂਰ ਹੈ, ਜੋ ਕਮਿਸ਼ਨਰੇਟ ਪੁਲਸ ਦੇ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੀਆਂ ਧੱਜੀਆਂ ਉਡਾ ਰਿਹਾ ਹੈ। ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਮਹਾਨਗਰ ਦੇ ਵਪਾਰੀ ਵਰਗ ਦੀ ਸੁਰੱਖਿਆ ਕਰਨ ’ਚ ਅਸਫਲ ਹੈ।
ਕੀ ਕਹਿਣਾ ਏ. ਸੀ. ਪੀ. ਨਾਰਥ ਦਾ
ਇਸ ਸਬੰਧੀ ਏ. ਸੀ. ਪੀ. ਨਾਰਥ ਮਹੇਸ਼ ਕੁਮਾਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ 2-3 ਵਾਰਦਾਤਾਂ ਉਨ੍ਹਾਂ ਦੇ ਧਿਆਨ ਵਿਚ ਹਨ। ਪੁਲਸ ਚੋਰਾਂ ਦੀ ਭਾਲ ਵਿਚ ਲੱਗੀ ਹੋਈ ਹੈ। ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਨੋਟ - ਸ਼ਹਿਰ ’ਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ