''ਮਾਨਸੂਨ ਇਜਲਾਸ'' ਹੋਵੇਗਾ ਹੰਗਾਮੇਦਾਰ, ਪਹਿਲਾਂ ਹੋਵੇਗੀ ਕੈਬਨਿਟ ਮੀਟਿੰਗ

08/05/2019 9:35:50 AM

ਚੰਡੀਗੜ੍ਹ (ਵਰੁਣ) : ਪੰਜਾਬ ਵਿਧਾਨ ਸਭਾ 'ਚ 'ਮਾਨਸੂਨ ਇਜਲਾਸ' ਦਾ ਸੋਮਵਾਰ ਨੂੰ ਭਾਵੇਂ ਦੂਜਾ ਦਿਨ ਹੈ ਪਰ ਸਿਆਸੀ ਬੱਦਲ ਇਸ ਦਿਨ ਆਪਣਾ ਵਿਕਰਾਲ ਰੂਪ ਦਿਖਾਉਣਗੇ। ਅਕਾਲੀ ਦਲ, ਆਮ ਆਦਮੀ ਪਾਰਟੀ ਸਮੇਤ ਸਾਰੇ ਵਿਰੋਧੀ ਦਲ ਬਿਜਲੀ ਬਿੱਲ, ਮਹਿੰਗਾਈ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨਾਲ ਦੋ-ਦੋ ਹੱਥ ਕਰਨ ਦੀ ਤਿਆਰੀ 'ਚ ਹਨ। ਘੱਟ ਬਿਜ਼ਨੈੱਸ ਦਾ ਹਵਾਲਾ ਦੇ ਕੇ ਸਰਕਾਰ ਪਹਿਲਾਂ ਹੀ ਇਜਲਾਸ ਨੂੰ ਸਿਮਤ ਕਰਨ 'ਚ ਕਾਮਯਾਬ ਰਹੀ ਹੈ। ਹੁਣ ਸਵਾਲਾਂ ਦੇ ਭੰਡਾਰ 'ਚ ਘੱਟ ਸਮਾਂ ਹੰਗਾਮਾ ਭਰਪੂਰ ਹੀ ਰਹੇਗਾ।
ਇਜਲਾਸ ਤੋਂ ਪਹਿਲਾਂ ਹੋਵੇਗੀ ਕੈਬਨਿਟ ਮੀਟਿੰਗ
ਮਾਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕੈਬਨਿਟ ਮੀਟਿੰਗ ਹੋਵੇਗੀ। ਇਹ ਮੀਟਿੰਗ ਸੋਮਵਾਰ ਸਵੇਰੇ 10.30 ਵਜੇ ਵਿਧਾਨ ਸਭਾ 'ਚ ਹੋਵੇਗੀ, ਜਿਸ ਦੌਰਾਨ ਅਹਿਮ ਮਾਮਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਸਿੱਧੂ ਦੇ ਆਉਣ ਦੀ ਆਸ ਨਹੀਂ
ਮਾਨਸੂਨ ਇਜਲਾਸ ਦੌਰਾਨ ਸਿੱਧੂ-ਮਜੀਠੀਆ ਦਾ ਟਾਕਰਾ ਇਸ ਵਾਰ ਦੇਖਣ ਦੇ ਮੌਕੇ ਘੱਟ ਹੀ ਜਾਪ ਰਹੇ ਹਨ। ਸਿੱਧੂ ਘਰ ਬੈਠੇ ਹਨ। ਆਮ ਵਿਧਾਇਕ ਬਣ ਕੇ ਉਨ੍ਹਾਂ ਦੀ ਸਦਨ 'ਚ ਆਉਣ ਦੀ ਆਸ ਬਹੁਤ ਜ਼ਿਆਦਾ ਨਹੀਂ ਹੈ। ਸਿੱਧੂ ਇਜਲਾਸ 'ਚ ਆਉਣ ਚਾਹੇ ਨਾ ਆਉਣ, ਵਿਰੋਧੀ ਧਿਰ ਹੱਥ ਮੱਲੀ ਬੈਠੇ ਹਨ, ਜੇ ਸਿੱਧੂ ਆਏ ਤਾਂ ਵੀ ਤੇ ਜੇ ਸਿੱਧੂ ਨਾ ਆਏ ਤਾਂ ਵੀ ਹਮਲੇ ਪੂਰੇ ਹੋਣਗੇ।
ਸਿੱਧੂ ਨਾਲ ਬਹਿਸਬਾਜ਼ੀ ਤੋਂ ਬਾਅਦ ਹੁਣ ਉਨ੍ਹਾਂ ਦੀ ਗੈਰ ਮੌਜ਼ੂਦਗੀ 'ਚ ਮਜੀਠੀਆ ਮੁੱਛ ਵੱਟ ਕੇ ਸਿੱਧੂ 'ਤੇ ਚੁਟਕੀ ਨਾ ਲੈਣ, ਇਹ ਹੋ ਨਹੀਂ ਸਕਦਾ। ਬਹਿਸਬਾਜ਼ੀ 'ਚ ਸਿੱਧੂ ਦਾ ਸਾਥ ਦੇਣ ਵਾਲੇ ਇੰਦਰਬੀਰ ਬੁਲਾਰੀਆ ਅਤੇ ਸੁਖਜਿੰਦਰ ਰੰਧਾਵਾ ਕਿਵੇਂ ਕਮਾਨ ਸੰਭਾਲਦੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ। 
ਪਾਣੀਆਂ ਦੇ ਮੁੱਦੇ 'ਤੇ ਸਿਮਰਜੀਤ ਸਿੰਘ ਬੈਂਸ ਅਤੇ ਫਰਜ਼ੀ ਪੁਲਸ ਮੁਕਾਬਲੇ 'ਚ ਸਿੱਖ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਸੁਖਪਾਲ ਖਹਿਰਾ ਪੂਰੀ ਤਿਆਰੀ ਕਰੀ ਬੈਠੇ ਹਨ। ਇਨ੍ਹਾਂ ਸਾਰੇ ਸਵਾਲਾਂ ਦੇ ਹਮਲੇ ਸੋਮਵਾਰ ਦੀ ਕਾਰਵਾਈ ਨੂੰ ਹੰਗਾਮਾ ਭਰਪੂਰ ਬਣਾਉਣਗੇ।


Babita

Content Editor

Related News