ਭੁੱਕੀ ਦਾ ਆਦੀ ਹੋਇਆ ਬਾਂਦਰ, ਸੋਸ਼ਲ ਮੀਡੀਆ ''ਤੇ ਵੀਡੀਓ ਵਾਇਰਲ

Wednesday, Jun 05, 2019 - 07:03 PM (IST)

ਜਲੰਧਰ : ਪੰਜਾਬ ਵਿਚ ਨਸ਼ੇ ਦਾ ਕਹਿਰ ਇਸ ਕਦਰ ਜਾਰੀ ਹੈ ਕਿ ਹੁਣ ਜਾਨਵਰ ਵੀ ਇਸ ਦੀ ਚਪੇਟ ਵਿਚ ਆ ਗਏ ਹਨ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਕੁਝ ਨੌਜਵਾਨ ਇਕ ਬਾਂਦਰ ਨੂੰ ਨਸ਼ਾ ਕਰਵਾਉਂਦੇ ਦਿਖਾਈ ਦੇ ਰਹੇ ਹਨ। ਨੌਜਵਾਨਾਂ ਦਾ ਦੋਸ਼ ਹੈ ਕਿ ਟਰੱਕ ਡਰਾਈਵਰ ਵਲੋਂ ਬਾਂਦਰ ਨੂੰ ਨਸ਼ੇ ਦੀ ਆਦਤ ਲਗਾਈ ਗਈ ਹੈ। ਜਿਸ ਕਾਰਨ ਬਾਂਦਰ ਰੋਟੀ, ਕੇਲੇ ਅਤੇ ਹੋਰ ਫਲ ਖਾਣ ਦੀ ਬਜਾਏ ਭੁੱਕੀ ਅਤੇ ਅਫੀਮ ਖਾਣ ਦਾ ਆਦੀ ਹੋ ਗਿਆ ਹੈ। ਉਕਤ ਨੌਜਵਾਨਾਂ ਮੁਤਾਬਕ ਜਦੋਂ ਬਾਂਦਰ ਦਾ ਨਸ਼ਾ ਟੁੱਟ ਜਾਂਦਾ ਹੈ ਤਾਂ ਇਸ ਕੋਲੋਂ ਤੁਰਿਆ ਵੀ ਨਹੀਂ ਜਾਂਦਾ। 

ਨੌਜਵਾਨਾਂ ਦਾ ਕਹਿਣਾ ਹੈ ਕਿ ਜਦੋਂ ਬਾਂਦਰ ਦਾ ਨਸ਼ਾ ਟੁੱਟਿਆ ਤਾਂ ਬਾਂਦਰ ਖੰਭੇ ਤੋਂ ਹੇਠਾਂ ਡਿੱਗ ਗਿਆ ਜਿਸ ਕਾਰਨ ਉਸ ਦੇ ਸਿਰ ਵਿਚ ਸੱਟ ਲੱਗੀ ਹੈ। ਇਸ ਦੇ ਨਾਲ ਹੀ ਉਕਤ ਨੌਜਵਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਚ ਨਸ਼ੇ 'ਤੇ ਸਖਤੀ ਨਾਲ ਰੋਕ ਲਗਾਉਣ ਦੀ ਅਪੀਲ ਵੀ ਕੀਤੀ ਹੈ। 

ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਸਰਕਾਰ ਦੇ ਲੱਖ ਯਤਨਾਂ ਦੇ ਬਾਵਜੂਦ ਵੀ ਨਸ਼ੇ ਦਾ ਵਹਾਅ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਨੇ ਵੀ ਲੁਧਿਆਣਾ 'ਚ ਸ਼ਰੇਆਮ ਹੁੰਦੇ ਨਸ਼ੇ ਦੇ ਕਾਰੋਬਾਰ ਦਾ ਭਾਂਡਾ ਭੰਨਿਆ ਸੀ।


author

Gurminder Singh

Content Editor

Related News