ਮੋਹਾਲੀ ਪੁਲਸ ਨੇ ਸੜਕ ਵਿਚਕਾਰ ਕੁੱਟਿਆ ''ਗ੍ਰੇਟ ਖਲੀ'' ਨੂੰ ਚੈਲੇਂਜ ਕਰਨ ਵਾਲਾ ਪਹਿਲਵਾਨ, ਫਿਰ ਬੋਲੀ ਗਲਤੀ ਹੋ ਗਈ

Wednesday, Oct 25, 2017 - 10:32 AM (IST)

ਮੋਹਾਲੀ ਪੁਲਸ ਨੇ ਸੜਕ ਵਿਚਕਾਰ ਕੁੱਟਿਆ ''ਗ੍ਰੇਟ ਖਲੀ'' ਨੂੰ ਚੈਲੇਂਜ ਕਰਨ ਵਾਲਾ ਪਹਿਲਵਾਨ, ਫਿਰ ਬੋਲੀ ਗਲਤੀ ਹੋ ਗਈ

ਡੇਰਾਬੱਸੀ (ਅਨਿਲ) : ਬੀਤੀ ਦੁਪਹਿਰ ਕਰੀਬ 1 ਵਜੇ ਡੇਰਾਬੱਸੀ ਬੱਸ ਸਟੈਂਡ 'ਤੇ ਵਾਪਰੀ ਘਟਨਾ ਨੂੰ ਵੇਖ ਕੇ ਮੌਕੇ 'ਤੇ ਮੌਜੂਦ ਖੜ੍ਹੇ ਲੋਕ ਉਦੋਂ ਹੱਕੇ-ਬੱਕੇ ਰਹਿ ਗਏ, ਜਦੋਂ ਫਿਲਮੀ ਸਟਾਈਲ ਵਿਚ ਇਨਡੈਵਰ ਗੱਡੀ ਵਿਚੋਂ ਉਤਰੇ 6-7 ਲੋਕਾਂ ਨੇ ਐੱਸ. ਯੂ. ਵੀ. ਗੱਡੀ ਵਿਚ ਸਵਾਰ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਟਿਵਾਣਾ ਦੇ ਪੁੱਤਰ ਜਗਮੀਤ ਸਿੰਘ ਲੱਕੀ ਪਹਿਲਵਾਨ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਉਹੀ ਪਹਿਲਵਾਨ ਹੈ, ਜਿਸ ਨੇ 7 ਸਾਲ ਪਹਿਲਾਂ ਕੁਸ਼ਤੀ ਲੜਨ ਲਈ 'ਦਿ ਗ੍ਰੇਟ ਖਲੀ' ਨੂੰ ਚੈਲੇਂਜ ਕੀਤਾ ਸੀ। ਮੌਕੇ 'ਤੇ ਮੌਜੂਦ ਲੋਕ ਪਹਿਲਾਂ ਤਾਂ ਇਹ ਸਮਝਦੇ ਰਹੇ ਕਿ ਸੀਨੀਅਰ ਕਾਂਗਰਸੀ ਆਗੂ ਦੇ ਪੁੱਤਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬਾਅਦ ਵਿਚ ਪਤਾ ਲੱਗਾ ਕਿ ਜ਼ਿਲਾ ਮੋਹਾਲੀ ਦੀ ਸਪੈਸ਼ਲ ਸੈੱਲ ਦੀ ਟੀਮ ਵਲੋਂ ਕਿਸੇ ਮੁਲਜ਼ਮ ਦੇ ਭੁਲੇਖੇ ਇਸ ਨੌਜਵਾਨ ਦੀ ਕੁੱਟਮਾਰ ਕਰ ਦਿੱਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਦੇ ਪੁੱਤਰ ਜਗਮੀਤ ਸਿੰਘ ਲੱਕੀ ਪਹਿਲਵਾਨ ਨੇ ਘਟਨਾ ਸਬੰਧੀ ਦੱਸਿਆ ਕਿ ਉਹ ਲਗਭਗ 1 ਵਜੇ ਰੋਟੀ ਖਾਣ ਲਈ ਦਫਤਰੋਂ ਆਪਣੀ ਗੱਡੀ ਵਿਚ ਸਵਾਰ ਹੋ ਕੇ ਘਰ ਨੂੰ ਜਾ ਰਿਹਾ ਸੀ। ਬੱਸ ਸਟੈਂਡ ਪਹੁੰਚਣ 'ਤੇ ਪਿੱਛੋਂ ਆ ਰਹੀ ਇਕ ਇਨਡੈਵਰ ਵਿਚੋਂ ਉਤਰੇ 6-7 ਲੋਕਾਂ ਨੇ ਉਕਤ ਘਟਨਾ ਨੂੰ ਅੰਜਾਮ ਦਿੰਦਿਆਂ ਮੇਰੇ ਉਪਰ ਰਿਵਾਲਵਰ ਤਾਣ ਲਿਆ ਤੇ ਕਹਿਣ ਲੱਗੇ ਕਿ ਸਾਡੀ ਗੱਡੀ ਵਿਚ ਬੈਠ। ਜਦੋਂ ਮੈਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਮੇਰੇ ਮੂੰਹ 'ਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਰੌਲਾ ਪੈਣ 'ਤੇ ਲੋਕ ਇਕੱਠੇ ਹੋ ਗਏ ਤੇ ਮੌਕੇ 'ਤੇ ਵਕੀਲ ਜਸਬੀਰ ਚੌਹਾਨ, ਅਵਤਾਰ ਸਿੰਘ ਗੋਗੀਆ, ਗੁਰਮੀਤ ਸਿੰਘ ਅਤੇ ਅਮਨ ਕੁਮਾਰ ਮੇਰੇ ਬਚਾਅ ਵਿਚ ਆ ਗਏ। ਵਿਰੋਧ ਹੁੰਦਾ ਵੇਖ ਕੇ ਉਹ ਮੈਨੂੰ ਛੱਡ ਕੇ ਗੱਡੀ ਵਿਚ ਫਰਾਰ ਹੋ ਗਏ। ਜਗਮੀਤ ਸਿੰਘ ਨੇ ਦੱਸਿਆ ਕਿ ਬਾਅਦ ਵਿਚ ਪਤਾ ਲੱਗਾ ਕਿ ਇਹ ਸਬ-ਇੰਸਪੈਕਟਰ ਸੰਤੋਖ ਸਿੰਘ ਦੀ ਟੀਮ ਸੀ। ਜਗਮੀਤ ਨੇ ਉਕਤ ਵਾਰਦਾਤ ਮਗਰੋਂ ਇਸ ਦੀ ਸ਼ਿਕਾਇਤ ਡੇਰਾਬੱਸੀ ਪੁਲਸ ਥਾਣੇ ਵਿਚ ਕਾਰਵਾਈ ਲਈ ਦਿੱਤੀ ਹੈ।
ਸਬ-ਇੰਸਪੈਕਟਰ ਸੰਤੋਖ ਸਿੰਘ ਨੇ ਇਸ ਵਾਰਦਾਤ ਸਬੰਧੀ ਦੱਸਿਆ ਕਿ ਉਹ ਕਿਸੇ ਮੁਲਜ਼ਮ ਨੂੰ ਫੜਨ ਦੀ ਤਾਕ ਵਿਚ ਸਨ ਕਿ ਭੁਲੇਖੇ ਨਾਲ ਦੱਸੀ ਪਛਾਣ ਮਿਲਣ ਕਾਰਨ ਲੱਕੀ ਪਹਿਲਵਾਨ ਨੂੰ ਫੜ ਲਿਆ, ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੌਕੇ 'ਤੇ ਲੱਕੀ ਪਹਿਲਵਾਨ ਤੋਂ ਹੋਈ ਗਲਤਫਹਿਮੀ ਦੀ ਗਲਤੀ ਮੰਨ ਲਈ ਸੀ। ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਨੇ ਇਸ ਮਾਮਲੇ ਸਬੰਧੀ ਕਿਹਾ ਕਿ ਘਟਨਾ ਗਲਤਫਹਿਮੀ ਕਾਰਨ ਹੋਈ, ਫਿਰ ਵੀ ਉਨ੍ਹਾਂ ਕਾਰਵਾਈ ਕਰਦਿਆਂ ਸਬ-ਇੰਸਪੈਕਟਰ ਸੰਤੋਖ ਸਿੰਘ ਨੂੰ ਸਸਪੈਂਡ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 


Related News