ਭੋਲੇ-ਭਾਲੇ ਲੋਕਾਂ ਕੋਲੋਂ ਕਰਜ਼ੇ ਦੇ ਨਾਂ ''ਤੇ ਲੁੱਟੇ ਕਰੋੜਾਂ ਰੁਪਏ, ਮੋਹਾਲੀ ਪੁਲਸ ਨੇ ਕੀਤਾ ਗ੍ਰਿਫਤਾਰ
Friday, Nov 10, 2017 - 04:50 PM (IST)
ਮੋਹਾਲੀ (ਰਾਣਾ) : ਭੋਲੇ-ਭਾਲੇ ਲੋਕਾਂ ਨੂੰ ਬੇਵਕੂਫ ਬਣਾ ਕੇ ਕਰਜ਼ੇ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਠਗੀ ਮਾਰਨ ਵਾਲੇ ਸਾਬਕਾ ਬੈਂਕ ਮੈਨੇਜਰ ਨੂੰ ਮੋਹਾਲੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਰਾਜੇਸ਼ ਖੰਨਾ ਪੁੱਤਰ ਸੱਤ ਪ੍ਰਕਾਸ ਖੰਨਾ ਵਾਸੀ ਬਸਤੀ ਸੇਖ ਜਲੰਧਰ ਹਾਲ ਵਾਸੀ ਪੰਚਕੂਲਾ, ਹਰਿਆਣਾ ਸਤੰਬਰ 2012 ਤੋਂ ਨਵੰਬਰ 2013 ਤੱਕ ਯੂਕੋ ਬੈਂਕ ਖਰੜ ਵਿੱਚ ਬਤੌਰ ਸੀਨੀਅਰ ਬਰਾਂਚ ਮੈਨੇਜਰ ਤਾਇਨਾਤ ਰਿਹਾ ਹੈ। ਰਾਜੇਸ਼ ਨੇ ਆਪਣੀ ਤਾਇਨਾਤੀ ਦੌਰਾਨ ਆਪਣੇ ਏਜੰਟਾਂ ਦਵਿੰਦਰ ਕੁਮਾਰ ਵਾਸੀ ਪੰਚਕੂਲਾ, ਕਰਨਵੀਰ ਸਿੰਘ ਵਾਸੀ ਖਰੜ ਅਤੇ ਵਿਵੇਕ ਕੁਮਾਰ ਵਾਸੀ ਨਵਾਂ ਗਰਾਂਓ ਨਾਲ ਮਿਲੀ-ਭੁਗਤ ਕਰਕੇ ਭੋਲੇ-ਭਾਲੇ ਵਿਅਕਤੀਆਂ ਨੂੰ ਪਰਸਨਲ ਜਾਂ ਵਹੀਕਲ ਲੋਨ ਦਿਵਾਉਣ ਦਾ ਝਾਸਾਂ ਦਿੱਤਾ ਅਤੇ ਉਨ੍ਹਾਂ ਵਿਅਕਤਆਂ ਦੇ ਰਿਹਾਇਸ਼ੀ ਪਰੂਫ ਹਾਸਲ ਕਰਕੇ ਇਹ ਕਹਿ ਦਿੱਤਾ ਕਿ ਉਨ੍ਹਾਂ ਦਾ ਲੋਨ ਪਾਸ ਨਹੀ ਹੋਇਆ। ਦੋਸ਼ੀਆਂ ਨੇ ਉਕਤ ਲੋਕਾਂ ਦੇ ਰਿਹਾਇਸ਼ੀ ਪਰੂਫਾਂ ਨਾਲ ਬਾਕੀ ਜਾਅਲੀ ਕਾਗਜ਼ਾਤ (ਜਾਅਲੀ ਆਈ ਟੀ ਆਰ, ਜਾਅਲੀ ਕੁਟੇਸ਼ਨ, ਜਾਅਲੀ ਇੰਸ਼ੋਰੈਸ, ਜਾਅਲੀ ਆਰਜ਼ੀ ਵਹੀਕਲ ਨੰਬਰ) ਤਿਆਰ ਕਰਕੇ ਕੁੱਲ 28 ਵਹੀਕਲ ਲੋਨ ਪਾਸ ਕਰਕੇ ਚੰਡੀਗੜ੍ਹ 'ਚ ਵੱਖ-ਵੱਖ ਕੰਪਨੀਆਂ ਦੇ ਨਾਂ 'ਤੇ ਜਾਅਲੀ ਖਾਤੇ ਖੁੱਲ੍ਹਵਾ ਦਿੱਤੇ ਅਤੇ ਉਨ੍ਹਾਂ ਖਾਤਿਆਂ ਵਿਚ ਡਰਾਫਟਾਂ ਨੂੰ ਜਮ੍ਹਾਂ ਕਰਵਾ ਕੇ ਅਤੇ ਜਾਅਲੀ ਖਾਤਿਆਂ 'ਚੋਂ ਰਕਮ ਡਰਾਅ ਕਰਵਾ ਕੇ 3 ਕਰੋੜ, 58 ਲੱਖ, 68 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਦੋਸ਼ੀ ਰਾਜੇਸ਼ ਖੰਨਾ ਨੇ ਆਪਣੀ ਤਾਇਨਾਤੀ ਦੌਰਾਨ ਕੁੱਲ 113 ਵਹੀਕਲ ਲੋਨ ਪਾਸ ਕੀਤੇ ਸਨ, ਜਿਨ੍ਹਾਂ ਸਬੰਧੀ ਵੀ ਤਫਤੀਸ਼ ਕੀਤੀ ਜਾ ਰਹੀ ਹੈ, ਜਦੋਂ ਕਿ ਬੈਂਕ 'ਚ ਪਿਛਲੇ ਪੰਜ ਸਾਲਾਂ ਦੇ ਰਿਕਾਰਡ ਨੂੰ ਚੈੱਕ ਕਰਨ 'ਤੇ ਪਾਇਆ ਗਿਆ ਕਿ ਯੂਕੋ ਬੈਂਕ ਬਰਾਂਚ ਖਰੜ ਵੱਲੋਂ ਇੱਕ ਸਾਲ ਵਿੱਚ ਤਿੰਨ ਤੋਂ ਵੱਧ ਲੋਨ ਪਾਸ ਨਹੀ ਕੀਤੇ ਗਏ ਹਨ। ਫਿਲਹਾਲ ਦੋਸ਼ੀ ਰਾਜੇਸ਼ ਖੰਨਾ ਪਾਸੋਂ ਪੁੱਛਗਿਛ ਜਾਰੀ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।