ਮਾਨਸਾ ਦੀ ਧੀ ਨੇ ਕੈਨੇਡਾ ਦੀ ਫੈਡਰਲ ਪੁਲਸ ਅਫਸਰ ਬਣ ਕੇ ਚਮਕਾਇਆ ਮਾਪਿਆਂ ਦਾ ਨਾਂ

Monday, Nov 18, 2024 - 06:52 AM (IST)

ਮਾਨਸਾ ਦੀ ਧੀ ਨੇ ਕੈਨੇਡਾ ਦੀ ਫੈਡਰਲ ਪੁਲਸ ਅਫਸਰ ਬਣ ਕੇ ਚਮਕਾਇਆ ਮਾਪਿਆਂ ਦਾ ਨਾਂ

ਮਾਨਸਾ (ਜੱਸਲ) : ਮਾਨਸਾ ਜ਼ਿਲ੍ਹੇ ਦੇ ਕਸਬਾ ਝੁਨੀਰ ਦੀ ਧੀ ਕਿਰਨਜੀਤ ਕੌਰ ਨੇ ਕੈਨੇਡਾ ਦੀ ਫੈਡਰਲ ਪੁਲਸ ਅਫਸਰ ਬਣ ਕੇ ਜਿੱਥੇ ਆਪਣੇ ਮਾਪਿਆਂ ਦਾ ਨਾਂ ਚਮਕਾਇਆ ਹੈ, ਉੱਥੇ ਉਸ ਨੇ ਮਾਨਸਾ ਜ਼ਿਲ੍ਹੇ ਨੂੰ ਵੀ ਚਾਰ ਚੰਨ ਲਾਏ ਹਨ। ਛੋਟੀ ਉਮਰੇ ਸਖਤ ਮਿਹਨਤ ਕਰਨ ਵਾਲੀ ਕਿਰਨਜੀਤ ਕੌਰ ਨੇ 5 ਸਾਲ ਕਰਨਲ ਡਿਗਰੀ ਕਾਲਜ ਚੂਲੜ ਵਿਖੇ ਪ੍ਰੋਫੈਸਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ।

ਕਿਰਨਜੀਤ ਕੌਰ ਪੁੱਤਰੀ ਲਾਭ ਸਿੰਘ 2014 ਵਿਚ ਕੈਨੇਡੀਅਨ ਪਰਮਾਨੈਂਟ ਰੈਜੀਡੈਂਸੀ ਦੇ ਤੌਰ ’ਤੇ ਚਲੇ ਗਏ। ਕੈਨੇਡਾ ਰਹਿੰਦਿਆਂ ਉਨ੍ਹਾਂ ਨੇ ਬਹੁਤ ਸੰਘਰਸ਼ ਕੀਤਾ। 2019 ’ਚ ਕਰਕਸ਼ਨਲ ਆਫੀਸਰ ਵਜੋਂ ਭਰਤੀ ਹੋ ਕੇ 5 ਸਾਲ ਸ਼ਾਨਦਾਰ ਸੇਵਾਵਾਂ ਨਿਭਾਈਆਂ। ਸਾਲ 2024 ਦੌਰਾਨ ਰੋਇਲ ਕੈਨੇਡੀਅਨ ਮਾਊਂਟਰ ਪੁਲਸ ਵਿਚ ਭਰਤੀ ਹੋ ਕੇ ਫੈਡਰਲ ਪੁਲਸ ਅਫਸਰ ਬਣੇ। ਉਨ੍ਹਾਂ ਆਪਣੀ ਮਿਹਨਤ ਪਿੱਛੇ ਜਿੱਥੇ ਆਪਣੇ ਮਾਪਿਆਂ, ਨਾਨਕਿਆਂ ਨੂੰ ਇਸ ਦਾ ਸਿਹਰਾ ਦਿੰਦੀ ਹੈ, ਉੱਥੇ ਉਨ੍ਹਾਂ ਦੇ ਘਰਾਂ ’ਚੋਂ ਮਾਮੇ ਦੇ ਬੇਟੇ ਡਾ. ਹਜ਼ੂਰ ਸਿੰਘ ਪ੍ਰੋਫੈਸਰ ਅਤੇ ਹੈੱਡ ਡਿਪਾਰਟਮੈਂਟ ਆਫ ਇੰਜੀਨੀਅਰਿੰਗ ਤਲਵੰਡੀ ਸਾਬੋ ਦਾ ਵੀ ਵਿਸ਼ੇਸ਼ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਉਨ੍ਹਾਂ ਦੀ ਉੱਚ ਪੱਧਰ ਦੀ ਤਾਲੀਮ ਦੌਰਾਨ ਗਾਈਡ ਕੀਤਾ।

ਇਹ ਵੀ ਪੜ੍ਹੋ : ਦਿਲਜੀਤ ਦਾ ਓਪਨ ਚੈਲੰਜ- 'ਸਾਰੀਆਂ ਸਟੇਟਾਂ 'ਚ ਬੈਨ ਕਰ ਦਿਓ ਦਾਰੂ, ਕਦੇ ਨਹੀਂ ਗਾਵਾਂਗਾ ਸ਼ਰਾਬ 'ਤੇ ਗਾਣਾ'

ਕਿਰਨਜੀਤ ਕੌਰ ਦਾ 2020 ’ਚ ਵਿਆਹ ਹੋਇਆ ਅਤੇ 2021 ’ਚ ਉਹ ਪਤੀ ਨੂੰ ਵੀ ਕੈਨੇਡਾ ਲੈ ਗਈ। ਕੈਨੇਡਾ ਰਹਿੰਦਿਆਂ ਉਨ੍ਹਾਂ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ। ਉਨ੍ਹਾਂ ਨੇ ਆਪਣੀਆਂ ਦੋਵਾਂ ਭੈਣਾਂ ਨੂੰ ਗਾਈਡ ਕਰਦਿਆਂ ਕੈਨੇਡਾ ਵਿਖੇ ਟੀਚਰ ਦੇ ਯੋਗ ਬਣਾਇਆ। 

ਕਿਰਨਜੀਤ ਕੌਰ ਨੇ ਦਸਵੀਂ ਦੀ ਪੜ੍ਹਾਈ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ, 12ਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ, ਗ੍ਰੈਜੂਏਸ਼ਨ ਐੱਸ. ਡੀ. ਕਾਲਜ ਮਾਨਸਾ ਤੋਂ, ਪੀ. ਜੀ. ਡੀ. ਸੀ. ਏ. ਬਾਬਾ ਧਿਆਨ ਦਾਸ ਯੂਨੀਵਰਸਿਟੀ ਝੁਨੀਰ, ਐੱਮ. ਸੀ. ਏ. ਪੰਜਾਬ ਟੈਕਨੀਕਲ ਯੂਨੀਵਰਸਿਟੀ, ਈ. ਟੀ. ਟੀ. ਕਰਨਲ ਕਾਲਜ ਆਫ ਐਜੂਕੇਸ਼ਨ ਤੋਂ, ਬੀ. ਐੱਡ. ਮਿਲਖਾ ਸਿੰਘ ਕਾਲਜ ਬਰੇਟਾ ਤੋਂ ਕੀਤੀ ਅਤੇ 2009 ਤੋਂ 2014 ਤਕ ਕਰਨਲ ਡਿਗਰੀ ਕਾਲਜ ਚੂਲੜ ਵਿਖੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਈਆਂ ਅਤੇ 2014 ’ਚ ਕੈਨੇਡਾ ਚਲੇ ਗਏ, ਜਿੱਥੇ ਉਹ ਵੱਖ-ਵੱਖ ਸੇਵਾਵਾਂ ਤੋਂ ਬਾਅਦ ਫੈਡਰਲ ਪੁਲਸ ਅਫਸਰ ਬਣੇ। ਇਲਾਕੇ ਭਰ ’ਚ ਖੁਸ਼ੀ ਹੈ ਕਿ ਝੁਨੀਰ ਵਰਗੇ ਕਸਬੇ ’ਚੋਂ ਉੱਠ ਕੇ ਉਨ੍ਹਾਂ ਨੂੰ ਕੈਨੇਡਾ ’ਚ ਵੱਡੇ ਪੁਲਸ ਅਧਿਕਾਰੀ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News