ਮੋਹਾਲੀ ਪੁਲਸ ਔਰਤਾਂ ਦੀ ਸੁਰੱਖਿਆ ਲਈ ਅਲਰਟ, ਤਾਇਨਾਤ ਕੀਤੀਆਂ ਮਹਿਲਾ ਮੁਲਾਜ਼ਮਾਂ

12/26/2019 4:12:30 PM

ਮੋਹਾਲੀ (ਰਾਣਾ) : ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਗੈਂਗਰੇਪ ਤੋਂ ਬਾਅਦ ਜ਼ਿਆਦਾਤਰ ਸਾਰੇ ਰਾਜਾਂ ਨੇ ਰਾਤ ਦੇ ਸਮੇਂ ਔਰਤਾਂ ਲਈ ਹੈਲਪਲਾਈਨ ਸਹੂਲਤ ਸ਼ੁਰੂ ਕਰਨ ਤੋਂ ਬਾਅਦ ਹੁਣ ਜੋ ਪੀ. ਸੀ. ਆਰ. ਰਾਤ 9 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤਕ ਔਰਤਾਂ ਦੀ ਸੁਰੱਖਿਆ ਲਈ ਮੌਜੂਦ ਰਹੇਗੀ, ਉਸ ਵਿਚ ਇਕ ਮਹਿਲਾ ਮੁਲਾਜ਼ਮ ਦੀ ਵੀ ਨਿਯੁਕਤੀ ਮੋਹਾਲੀ ਪੁਲਸ ਵਿਭਾਗ ਵਲੋਂ ਕਰ ਦਿੱਤੀ ਹੈ, ਤਾਂ ਜੋ ਕਿਸੇ ਪੀੜਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਏ। ਹੈਲਪਲਾਈਨ ਨੰਬਰ ਉੱਤੇ ਇਕ ਕਾਲ ਕਰਨ ਦੇ ਕੁਝ ਮਿੰਟਾਂ ਬਾਅਦ ਹੀ ਪੀ. ਸੀ. ਆਰ. ਤੁਹਾਡੇ ਕੋਲ ਹੋਵੇਗੀ ਅਤੇ ਔਰਤਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰ ਤਕ ਛੱਡ ਕੇ ਆਵੇਗੀ। ਉਥੇ ਹੀ ਹੁਣ ਤਕ ਮੋਹਾਲੀ ਪੁਲਸ ਵਲੋਂ ਕਈ ਔਰਤਾਂ ਨੂੰ ਰਾਤ ਦੇ ਸਮੇਂ ਫੋਨ ਕਰਨ ਉੱਤੇ ਉਨ੍ਹਾਂ ਨੂੰ ਘਰ ਤੱਕ ਸੁਰੱਖਿਅਤ ਛੱਡਿਆ ਗਿਆ।
ਬਣਾ ਦਿੱਤਾ ਗਿਆ ਨੋਡਲ ਅਫਸਰ
ਪੰਜਾਬ ਦੇ ਡੀ. ਜੀ. ਪੀ. ਵਲੋਂ ਦਿੱਤੇ ਆਦੇਸ਼ਾਂ ਉੱਤੇ ਤੁਰੰਤ ਕਰਵਾਈ ਕਰਦੇ ਹੋਏ ਮੋਹਾਲੀ ਪੁਲਸ ਵਲੋਂ ਸਾਰੇ ਪੁਲਸ ਥਾਣਿਆਂ ਵਿਚ ਇਕ ਮਹਿਲਾ ਪੀ. ਸੀ. ਆਰ. ਦੀ ਨਿਯੁਕਤੀ ਕਰ ਦਿੱਤੀ ਗਈ ਹੈ, ਜਿਸ ਦੇ ਨਾਲ ਪੁਲਸ ਵਿਭਾਗ ਵਲੋਂ ਇਕ ਨੋਡਲ ਅਫਸਰ ਦੀ ਵੀ ਨਿਯੁਕਤੀ ਕਰ ਦਿੱਤੀ ਗਈ, ਜੋ ਇਸ ਦੀ ਮਨੀਟਰਿੰਗ ਕਰੇਗਾ। ਨਾਲ ਹੀ ਸਾਰੇ ਪੀ. ਸੀ. ਆਰ. ਕਰਮੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਰੋਜ਼ਾਨਾ ਪੂਰੇ ਦਿਨ ਦੀ ਜਾਣਕਾਰੀ ਨੋਡਲ ਅਫਸਰ ਨੂੰ ਦੇਣਗੇ।
ਇਨ੍ਹਾਂ ਨੰਬਰਾਂ 'ਤੇ ਕਰ ਸਕਦੀਆਂ ਹਨ ਔਰਤਾਂ ਕਾਲ
ਔਰਤਾਂ ਦੀ ਸੁਰੱਖਿਆ ਲਈ ਪੁਲਸ ਵਿਭਾਗ ਵਲੋਂ 100, 112 ਅਤੇ 181 ਨੰਬਰ ਦਿੱਤੇ ਗਏ, ਜਿਨ੍ਹਾਂ 'ਤੇ ਰਾਤ 9 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤਕ ਕਾਲ ਕਰ ਕੇ ਪੁਲਸ ਕੋਲੋਂ ਮਦਦ ਲਈ ਜਾ ਸਕਦੀ ਹੈ। ਕਾਲ ਕਰਨ ਦੇ ਕੁਝ ਮਿੰਟਾਂ ਵਿਚ ਹੀ ਪੁਲਸ ਉਨ੍ਹਾਂ ਦੀ ਸਹਾਇਤਾ ਲਈ ਪਹੁੰਚ ਜਾਵੇਗੀ, ਜਿਸ ਤੋਂ ਬਾਅਦ ਸੁਰੱਖਿਅਤ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਛੱਡ ਕੇ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਕੇ ਆਵੇਗੀ। ਨਾਲ ਹੀ ਪੁਲਸ ਵਿਭਾਗ ਵਲੋਂ ਇਸ ਸਾਰੇ ਰਿਕਾਰਡ ਵੀ ਮੇਨਟੇਨ ਕੀਤਾ ਜਾਵੇਗਾ, ਵਿਭਾਗ ਵਲੋਂ ਸਮੇਂ-ਸਮੇਂ ਉੱਤੇ ਇਸ ਰਿਕਾਰਡ ਦੀ ਸਮੀਖਿਆ ਕੀਤੀ ਜਾਵੇਗੀ। ਪੁਲਸ ਜਦੋਂ ਵੀ ਅਜਿਹੀ ਹਾਲਤ ਵਿਚ ਕਿਸੇ ਔਰਤ ਨੂੰ ਉਸ ਦੇ ਘਰ ਛੱਡ ਕੇ ਆਵੇਗੀ ਤਾਂ ਉਸ ਦਾ ਪੂਰਾ ਰਿਕਾਰਡ ਵੀ ਮੇਨਟੇਨ ਕਰੇਗੀ ਕਿ ਕਿੱਥੋਂ ਉਨ੍ਹਾਂ ਨੂੰ ਕਾਲ ਕੀਤਾ ਅਤੇ ਕਿੱਥੇ ਉਸ ਦੇ ਘਰ ਉਸ ਦੇ ਪਰਿਵਾਰ ਨੂੰ ਸੌਂਪਣਾ ਹੈ।
ਕਈ ਘਟਨਾਵਾਂ ਹੋ ਚੁੱਕੀਆਂ ਹਨ ਸ਼ਹਿਰ 'ਚ
ਜਾਣਕਾਰੀ ਅਨੁਸਾਰ ਸ਼ਹਿਰ ਵਿਚ ਔਰਤਾਂ ਦੇ ਨਾਲ ਹੋਣ ਵਾਲੇ ਅਪਰਾਧਾਂ ਦੀ ਕਮੀ ਨਹੀਂ ਹੈ। ਪਿਛਲੇ 6 ਮਹੀਨਿਆਂ ਦੌਰਾਨ ਫੇਜ਼-5 ਅਤੇ ਫੇਜ਼-11 ਵਿਚ ਲਿਫਟ ਦੇਣ ਦੇ ਬਹਾਨੇ ਔਰਤਾਂ ਦੇ ਨਾਲ ਜ਼ਬਰਦਸਤੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਮੋਹਾਲੀ ਪੁਲਸ ਨੇ ਬਲੌਂਗੀ ਦੇ ਰਹਿਣ ਵਾਲੇ ਇਕ ਕੈਬ ਡਰਾਈਵਰ ਨੂੰ ਵੀ ਕਾਬੂ ਕੀਤਾ ਸੀ, ਜਿਸ ਉੱਤੇ ਲਿਫਟ ਦੇਣ ਦੇ ਬਹਾਨੇ ਔਰਤਾਂ ਦੇ ਨਾਲ ਰੇਪ ਦਾ ਇਲਜ਼ਾਮ ਲੱਗਿਆ ਹੈ। ਇਹ ਮਾਮਲਾ ਹੁਣ ਅਦਾਲਤ ਵਿਚ ਵਿਚਾਰ ਅਧੀਨ ਹੈ।


Babita

Content Editor

Related News