ਮੋਹਾਲੀ ਦੇ ਲੋਕਾਂ 'ਤੇ ਹਰ ਵੇਲੇ ਰਹੇਗੀ ਪੁਲਸ ਦੀ ਨਜ਼ਰ, ਇਨ੍ਹਾਂ ਨਵੀਆਂ ਥਾਵਾਂ 'ਤੇ ਲੱਗਣਗੇ CCTV ਕੈਮਰੇ
Monday, Jun 05, 2023 - 11:19 AM (IST)
ਮੋਹਾਲੀ (ਸੰਦੀਪ) : ਸ਼ਹਿਰ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਅਤੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਪੁਲਸ ਵਿਭਾਗ ਲਗਾਤਾਰ ‘ਤੀਜੀ ਅੱਖ’ ਦਾ ਜਾਲ ਵਿਛਾਉਂਦਾ ਜਾ ਰਿਹਾ ਹੈ। ਇਸ ਕੜੀ 'ਚ ਪੁਲਸ ਨੇ ਹੁਣ ਸ਼ਹਿਰ 'ਚ 26 ਇਹੋ ਜਿਹੇ ਨਵੇਂ ਪੁਆਇੰਟ ਨਿਸ਼ਾਨਦੇਹ ਕੀਤੇ ਹਨ, ਜਿੱਥੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾ ਰਹੇ ਹਨ। ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਪੁਲਸ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇਗੀ ਅਤੇ ਦੂਜੇ ਪਾਸੇ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋਣ ਵਾਲਿਆਂ ਦਾ ਸੁਰਾਗ ਲਾਏਗੀ। ਇਹ ਨਹੀਂ ਹੈ ਕਿ ਸ਼ਹਿਰ 'ਚ ਪਹਿਲੀ ਵਾਰ ਸੀ. ਸੀ. ਟੀ. ਵੀ. ਕੈਮਰੇ ਲਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਲਾਇਟ ਪੁਆਇੰਟਾਂ ’ਤੇ 450 ਕੈਮਰੇ ਲੱਗੇ ਹੋਏ ਹਨ ਪਰ ਹੁਣ ਨਵੇਂ ਪੁਆਇੰਟਾਂ ’ਤੇ 220 ਕੈਮਰੇ ਲਾਏ ਜਾਣ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਕੈਮਰਿਆਂ ਦੀ ਇਕ ਹੀ ਜਗ੍ਹਾ ਤੋਂ ਮਾਨੀਟਰਿੰਗ ਕੀਤੇ ਜਾਣ ਸਬੰਧੀ ਸੋਹਾਣਾ ਪੁਲਸ ਥਾਣੇ ਦੀ ਇਮਾਰਤ 'ਚ ਇਨ੍ਹਾਂ ਦਾ ਕੰਟਰੋਲ ਰੂਮ ਬਣਾਏ ਜਾਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ (ਪੀ. ਪੀ. ਐੱਚ. ਸੀ.) ਹਾਈ ਰੈਜੋਲਿਊਸ਼ਨ ਵਾਲੇ 400 ਕੈਮਰੇ ਲਾਉਣ ਜਾ ਰਹੀ ਹੈ, ਉਸ ਦਾ ਟੈਂਡਰ ਅਲਾਟ ਹੋਣ ਵਾਲਾ ਹੈ ਪਰ ਸਰਕਾਰ ਨੇ ਇਸ ਲਈ 10.84 ਕਰੋੜ ਰੁਪਏ ਭੇਜ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਕੱਟ ਰਹੇ ਬੱਚਿਆਂ ਲਈ ਆਈ ਵੱਡੀ ਖ਼ਬਰ, ਧਿਆਨ ਦੇਣ ਮਾਪੇ
ਪੁਰਾਣੇ ਕੈਮਰਿਆਂ ਨੂੰ ਵੀ ਕਰਵਾਇਆ ਜਾ ਰਿਹੈ ਦਰੁੱਸਤ
ਪੁਲਸ ਵਿਭਾਗ ਸ਼ਹਿਰ 'ਚ ਪਹਿਲਾਂ ਤੋਂ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ, ਜੋ ਕਿਸੇ ਤਕਨੀਕੀ ਖ਼ਰਾਬੀ ਕਾਰਨ ਕੰਮ ਨਹੀਂ ਕਰ ਰਹੇ ਹਨ, ਨੂੰ ਦਰੁੱਸਤ ਕਰਵਾ ਰਿਹਾ ਹੈ। ਪੁਰਾਣੇ ਕੈਮਰਿਆਂ ਵਿਚੋਂ ਜ਼ਿਆਦਾਤਰ ਕੈਮਰੇ ਕੰਮ ਨਹੀਂ ਕਰ ਰਹੇ ਹਨ, ਜਿਸ ਕਾਰਨ ਕਈ ਕੇਸ ਹੱਲ ਨਹੀਂ ਹੁੰਦੇ। ਉੱਥੇ ਹੀ ਸੋਹਾਣਾ ਪੁਲਸ ਥਾਣੇ ਦੀ ਇਮਾਰਤ 'ਚ ਉੱਪਰਲੇ ਹਿੱਸੇ 'ਚ ਸਪੈਸ਼ਲ ਕਮਾਂਡ ਐਂਡ ਕੰਟਰੋਲ ਸੈਂਟਰ ਤਿਆਰ ਕੀਤਾ ਜਾਵੇਗਾ। ਇਸ ਸੈਂਟਰ 'ਚ ਇਕ ਡਿਜ਼ੀਟਲ ਵਾਲ ਬਣਾਈ ਜਾਵੇਗੀ। ਇਸ ਵਾਲ ’ਤੇ ਲਾਈ ਜਾਣ ਵਾਲੀ ਸਕ੍ਰੀਨ ’ਤੇ ਪੂਰੇ ਸ਼ਹਿਰ ਦੇ ਕੈਮਰਿਆਂ ਦੀ ਇਮੇਜ ਵਿਖਾਈ ਦੇਵੇਗੀ, ਜਿਸ ਨਾਲ ਪੁਲਸ ਮੁਲਾਜ਼ਮ ਉੱਥੇ ਬੈਠਿਆਂ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਹੋਣ ਵਾਲੀ ਹਰ ਗਤੀਵਿਧੀ ’ਤੇ ਤਿੱਖੀ ਨਜ਼ਰ ਰੱਖ ਸਕਣਗੇ। ਕਿਸੇ ਵੀ ਇਲਾਕੇ 'ਚ ਪੁਲਸ ਲੋੜ ਦੇ ਹਿਸਾਬ ਨਾਲ ਸਮੇਂ ਸਿਰ ਪਹੁੰਚ ਕੇ ਉੱਥੇ ਕਿਸੇ ਵੱਡੀ ਵਾਰਦਾਤ ਨੂੰ ਵਾਪਰਨ ਤੋਂ ਪਹਿਲਾਂ ਹੀ ਕੰਟਰੋਲ ਕਰ ਸਕੇਗੀ।
ਇਨ੍ਹਾਂ ਨਵੇਂ ਪੁਆਇੰਟਾਂ ’ਤੇ ਲੱਗਣਗੇ ਕੈਮਰੇ
ਫੇਜ਼ 7-8 ਲਾਈਟ ਪੁਆਇੰਟ
ਪੀ. ਐੱਸ. ਈ. ਬੀ. ਲਾਈਟ ਪੁਆਇੰਟ
ਪੀ. ਸੀ. ਏ. ਸਟੇਡੀਅਮ ਕੋਲ ਗੰਦੇ ਨਾਲੇ ਦੇ ਪੁਲ ’ਤੇ
ਪੀ. ਸੀ. ਏ. ਲਾਈਟ ਪੁਆਇੰਟ
ਪੁਲਸ ਕੰਪਲੈਕਸ ਫੇਜ਼-8
ਫੇਜ਼ 9-10 ਲਾਈਟ ਪੁਆਇੰਟ
ਜਗਤਪੁਰਾ ਕੱਟ
ਗੋਲਫ ਕੱਟ ਵੱਲ
ਬਾਵਾ ਵਾਈਟ ਹਾਊਸਫੈੱਡ-11
ਸੈਕਟਰ-48ਸੀ ਸੀਨੀਅਰ ਸਿਟੀਜ਼ਨ ਸੋਸਾਇਟੀ ਕੋਲ
ਪੰਜਾਬ ਮੰਡੀ ਬੋਰਡ ਕੰਪਲੈਕਸ ਫੇਜ਼-11
ਇਹ ਵੀ ਪੜ੍ਹੋ : ਪੰਜਾਬ 'ਚ ਗਰਮੀ ਦਿਖਾਉਣ ਲੱਗੀ ਅਸਲੀ ਰੰਗ, ਆਉਣ ਵਾਲੇ ਦਿਨਾਂ 'ਚ ਨਿਕਲਣਗੇ ਵੱਟ
ਸੈਕਟਰ-67 ਵਿਚ ਕੰਪੀਟੈਂਟ ਵੱਲ
ਸੈਕਟਰ-78 ਸਥਿਤ ਪੁਲਸ ਹੈੱਡਕੁਆਰਟਰ ਕੋਲ
ਮਹਾਰਾਜਾ ਰਣਜੀਤ ਸਿੰਘ ਅਕਾਦਮੀ ਕੋਲ
ਸੈਕਟਰ-80 ’ਚ ਮਾਰਕਿਟ ਵੱਲ
ਲਾਂਡਰਾਂ ਚੌਂਕ
ਲਖਨੌਰ ਟੀ-ਪੁਆਇੰਟ
ਸੈਕਟਰ-79 ਵਿਚ ਬਿਲਡਿੰਗ ਹਾਊਸਫੈੱਡ ਚੌਂਕ
ਸੈਕਟਰ-86 ਵਿਚ ਪ੍ਰੀਤ ਸਿਟੀ ਦੇ ਕੱਟ ਕੋਲ
ਵਾਈ. ਪੀ. ਐੱਸ. ਚੌਂਕ
ਬੁੜੈਲ ਟੀ-ਪੁਆਇੰਟ
ਨੇਚਰ ਪਾਰਕ ਦੇ ਦੋਵਾਂ ਗੇਟਾਂ ’ਤੇ
ਫੇਜ਼-8-9 ਲਾਈਟ ਪੁਆਇੰਟ
ਸੈਕਟਰ-68-69 ਲਾਈਟ ਪੁਆਇੰਟ
ਕੁੰਭੜਾ ਚੌਂਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ