'ਮੋਹਾਲੀ ਏਅਰਪੋਰਟ' ਪਹੁੰਚਦੇ ਹੀ ਮੁਸਾਫਰਾਂ ਦੀ ਹੋਈ ਜਾਂਚ, ਹੋਟਲ 'ਚ ਕੀਤੇ ਕੁਆਰੰਟਾਈਨ

05/23/2020 3:18:27 PM

ਮੋਹਾਲੀ (ਨਿਆਮੀਆਂ) : ਵੰਦੇ ਭਾਰਤ ਮਿਸ਼ਨ-2 ਦੇ ਤਹਿਤ ਸ਼ੁੱਕਰਵਾਰ ਨੂੰ ਮੋਹਾਲੀ ਹਵਾਈ ਅੱਡੇ 'ਤੇ 100 ਭਾਰਤੀਆਂ ਦੀ ਪਹਿਲੀ ਉਡਾਣ ਪੁੱਜੀ। ਮੁਸਾਫਰਾਂ ਦੇ ਹਵਾਈ ਅੱਡੇ 'ਤੇ ਪੈਰ ਰੱਖਦਿਆਂ ਹੀ ਸਭ ਤੋਂ ਪਹਿਲਾਂ ਉਨ੍ਹਾਂ ਦੀ ਜਾਂਚ ਕੀਤੀ ਗਈ। ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫਸਰ ਪ੍ਰਿੰਸ ਨੇ ਦੱਸਿਆ ਕਿ ਇਹ ਉਡਾਣ ਨਿਊਯਾਰਕ ਤੋਂ ਦਿੱਲੀ ਆਉਣ ਤੋਂ ਬਾਅਦ ਮੋਹਾਲੀ ਹਵਾਈ ਅੱਡੇ 'ਤੇ ਸ਼ੁੱਕਰਵਾਰ ਦੁਪਹਿਰ 1.30 ਵਜੇ ਪਹੁੰਚੀ। ਉਡਾਣ 'ਚ ਸਵਾਰ ਸਾਰੇ ਮੁਸਾਫਰਾਂ ਦੀ ਹਵਾਈ ਅੱਡੇ 'ਤੇ ਜਾਂਚ ਕੀਤੀ ਗਈ। ਜ਼ਿਲ੍ਹਾ ਸਿਹਤ ਵਿਭਾਗ ਦੀਆਂ 3 ਮੈਡੀਕਲ ਟੀਮਾਂ ਨੇ ਹਵਾਈ ਅੱਡੇ 'ਤੇ ਮੁਆਇਨਾ ਕੀਤਾ। ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਾਰੇ 100 ਮੁਸਾਫਰਾਂ 'ਚੋਂ ਕਿਸੇ 'ਚ ਵੀ ਕੋਰੋਨਾ ਵਾਇਰਸ ਦਾ ਕੋਈ ਲੱਛਣ ਦਿਖਾਈ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਨਿਊਯਾਰਕ ਤੋਂ ਵਾਪਸ ਪਰਤੇ ਇਨ੍ਹਾਂ ਮੁਸਾਫਰਾਂ ਨੂੰ ਆਪੋ-ਆਪਣੇ ਜ਼ਿਲਿ੍ਆਂ 'ਚ ਭੇਜ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦਾ ਕੋਰੋਨਾ ਟੈਸਟ ਹੋਵੇਗਾ ਅਤੇ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਕੀਤਾ ਜਾਵੇਗਾ।
ਆਪਣੇ ਖਰਚੇ 'ਤੇ ਹੋਟਲ 'ਚ ਹੋਣਗੇ ਇਕਾਂਤਵਾਸ
ਵਿਦੇਸ਼ ਤੋਂ ਆਏ ਇਨ੍ਹਾਂ ਐਨ. ਆਰ. ਆਈਜ਼ ਨੂੰ ਇਕਾਂਤਵਾਸ ਕਰਨ ਲਈ ਸਬੰਧਿਤ ਜ਼ਿਲ੍ਹਿਆਂ ਦੇ ਹੋਟਲਾਂ 'ਚ ਉਚਿਤ ਪ੍ਰਬੰਧ ਕੀਤੇ ਗਏ ਹਨ ਅਤੇ ਜਿਹੜੇ ਵਿਦਿਆਰਥੀ ਅਤੇ ਪਰਵਾਸੀ ਹੋਟਲਾਂ ਦਾ ਖਰਚਾ ਨਹੀਂ ਚੁੱਕ ਸਕਦੇ, ਉਨ੍ਹਾਂ ਲਈ ਕੁਆਰੰਟਾਈਨ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾਵੇਗੀ।
ਉਡਾਣਾਂ ਦੀ ਬੁਕਿੰਗ ਸ਼ੁਰੂ
ਹਵਾਬਾਜ਼ੀ ਮੰਤਰਾਲੇ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ 25 ਮਈ ਤੋਂ ਏਅਰਲਾਈਨ ਵੱਲੋਂ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਤਹਿਤ ਇੰਡੀਗੋ, ਵਿਸਤਾਰਾ, ਏਅਰ ਏਸ਼ੀਆ ਅਤੇ ਏਅਰ ਇੰਡੀਆ ਨੇ ਮੁੰਬਈ, ਦਿੱਲੀ ਅਤੇ ਚੇਨੱਈ ਤੱਕ ਉਡਾਣਾਂ ਸ਼ੁਰੂ ਕੀਤੀਆਂ ਹਨ। 

 


Babita

Content Editor

Related News