ਕੰਡਾਲਾ ਵਿਖੇ ਪਸ਼ੂਆਂ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀ ''ਤੇ ਦਰਜ ਹੋਵੇਗੀ ਐੱਫ. ਆਈ. ਆਰ.

Sunday, Jul 28, 2019 - 11:21 AM (IST)

ਮੋਹਾਲੀ (ਨਿਆਮੀਆਂ, ਕੁਲਦੀਪ) : ਨਜ਼ਦੀਕੀ ਪਿੰਡ ਕੰਡਾਲਾ ਸਥਿਤ ਦੋ ਡੇਅਰੀ ਫਾਰਮਾਂ 'ਤੇ ਹੋਈ ਪਸ਼ੂਆਂ ਦੀ ਮੌਤ ਦੇ ਮਾਮਲੇ ਵਿਚ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਵਿਅਕਤੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ, ਉਸ 'ਤੇ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ। ਇਹ ਭਰੋਸਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਕੰਡਾਲਾ ਵਿਖੇ ਪਸ਼ੂਆਂ ਦੀ ਮੌਤ ਤੋਂ ਬਾਅਦ ਉਪਜੇ ਹਾਲਾਤ ਦਾ ਜਾਇਜ਼ਾ ਲੈਣ ਮੌਕੇ ਪੀੜਤ ਵਿਅਕਤੀਆਂ ਨੂੰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਅਤੇ ਜਲੰਧਰ ਤੋਂ ਵਿਸ਼ੇਸ਼ ਤੌਰ 'ਤੇ ਬੁਲਾਈ ਰੀਜਨਲ ਡਿਸੀਜ਼ ਡਾਇਗਨੋਸਟਿਕ ਲੈਬਾਰਟਰੀ ਨਾਰਥ ਜ਼ੋਨ ਦੀ ਟੀਮ ਵੀ ਮੌਜੂਦ ਸੀ।

ਉਨ੍ਹਾਂ ਦੱਸਿਆ ਕਿ ਪਸ਼ੂਆਂ ਦੀ ਮੌਤ ਦੀ ਸੂਚਨਾ ਮਿਲਦੇ ਹੀ ਪਸ਼ੂ ਪਾਲਣ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਪਸ਼ੂਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਹਰ ਡਾਕਟਰਾਂ ਦੀ ਟੀਮ ਬੁਲਾਈ ਗਈ ਹੈ, ਜਿਸ ਵਲੋਂ ਮਰੇ ਹੋਏ ਪਸ਼ੂਆਂ ਦਾ ਪੋਸਟਮਾਰਟਮ ਕੀਤਾ ਜਾਵੇਗਾ, ਤਾਂ ਜੋ ਪਸ਼ੂਆਂ ਦੀ ਮੌਤ ਦੀ ਸਹੀ ਵਜ੍ਹਾ ਦਾ ਪਤਾ ਲਗਾ ਕੇ ਬਾਕੀ ਪਸ਼ੂਆਂ ਨੂੰ ਸੁਰੱਖਿਅਤ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਜੋ ਵੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਜੇਕਰ ਕਿਸੇ ਡਾਕਟਰ ਦੀ ਵੀ ਅਣਗਹਿਲੀ ਪਾਈ ਗਈ ਤਾਂ ਉਸ ਦੀ ਜਵਾਬ ਤਲਬੀ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਵੀ ਪ੍ਰਗਟ ਕੀਤੀ।

ਇਸ ਤੋਂ ਇਲਾਵਾ ਕੈਬਨਿਟ ਮੰਤਰੀ ਸਿੱਧੂ ਵਲੋਂ ਪਿੰਡ ਸਫੀਪੁਰ ਵਿਖੇ ਇਕ ਪਰਿਵਾਰ ਦੇ ਪਸ਼ੂਆਂ ਦੀ ਮੌਤ ਹੋਣ ਦੀ ਘਟਨਾ ਦਾ ਵੀ ਪਿੰਡ ਵਿਚ ਜਾ ਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਐੱਸ. ਡੀ. ਐੱਮ. ਮੋਹਾਲੀ ਜਗਦੀਪ ਸਹਿਗਲ, ਤਹਿਸੀਲਦਾਰ ਮੈਡਮ ਸੁਖਪਿੰਦਰ ਕੌਰ, ਡਾਇਰੈਕਟਰ ਪਸ਼ੂ ਪਾਲਣ ਵਿਭਾਗ ਇੰਦਰਜੀਤ ਸਿੰਘ, ਜੁਆਇੰਟ ਡਾਇਰੈਕਟਰ ਡਾ. ਸਤਬੀਰ ਸਿੰਘ ਬਾਜਵਾ, ਜੁਆਇੰਟ ਡਾਇਰੈਕਟਰ ਸੰਜੀਵ ਖੋਸਲਾ, ਡਿਪਟੀ ਡਾਇਰੈਕਟਰ ਡਾ. ਨਿਰਮਲਜੀਤ ਸਿੰਘ, ਨਾਇਬ ਤਹਿਸੀਲਦਾਰ ਗੁਰਪ੍ਰੀਤ ਢਿੱਲੋਂ ਅਤੇ ਕੈਬਨਿਟ ਮੰਤਰੀ ਸਿੱਧੂ ਦੇ ਸਿਆਸੀ ਸਕੱਤਰ ਸ਼੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਰਪੰਚ ਸਫੀਪੁਰ ਰਮਨਦੀਪ ਸਿੰਘ ਸਮੇਤ ਪਿੰਡ ਵਾਸੀ ਮੌਜੂਦ ਸਨ।


Baljeet Kaur

Content Editor

Related News