ਕੁੜੀਆਂ ਛੇੜਣ ਦੇ ਸ਼ੱਕ 'ਚ ਨੌਜਵਾਨ ਦਾ ਪਿੰਡ ਵਾਲਿਆਂ ਨੇ ਚਾੜ੍ਹਿਆ ਕੁਟਾਪਾ, ਦੇਖੋ ਵੀਡੀਓ
Sunday, Nov 24, 2019 - 05:12 PM (IST)
ਮੋਗਾ (ਵਿਪਨ ਓਕਾਰਾ) - ਪਿੰਡ ਧੱਲੇਕੇ ’ਚ ਐਤਵਾਰ ਨੂੰ ਮਾਹੌਲ ਉਸ ਸਮੇਂ ਗਰਮਾ ਗਿਆ, ਜਦੋਂ ਗੁੱਸੇ ’ਚ ਪਿੰਡ ਵਾਲਿਆਂ ਨੇ ਕੁੜੀਆਂ ਨਾਲ ਛੇੜ-ਛਾੜ ਕਰਨ ਵਾਲੇ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਦਿੱਤੀ। ਜਾਣਕਾਰੀ ਮੁਤਾਬਕ ਇਕ ਨੌਜਵਾਨ ਪਿੰਡ ਦੀਆਂ ਵਿਦਿਆਰਥਣਾਂ, ਜੋ ਟੈਂਪੂ ’ਚ ਬੈਠ ਕੇ ਸਕੂਲ ਜਾਂਦੀਆਂ ਸਨ, ਨਾਲ ਛੇੜ-ਛਾੜ ਕਰਦਾ ਸੀ। ਇਸ ਸਬੰਧੀ ਵਿਦਿਆਰਥਣਾਂ ਵਲੋਂ ਆਪਣੇ ਪਰਿਵਾਰਾਂ ਨੂੰ ਵੀ ਕਈ ਵਾਰ ਦੱਸਿਆ ਗਿਆ। ਜਾਣਕਾਰੀ ਅਨੁਸਾਰ ਕੁਝ ਵਿਅਕਤੀਆਂ ਵਲੋਂ ਨੌਜਵਾਨ ਨੂੰ ਸਮਝਾਉਣ ਦਾ ਵੀ ਯਤਨ ਕੀਤਾ ਗਿਆ ਪਰ ਨੌਜਵਾਨ ਨੇ ਕਿਸੇ ਦੀ ਨਹੀਂ ਸੁਣੀ। ਇਸ ਸਬੰਧੀ ਗ੍ਰਾਮ ਪੰਚਾਇਤ ਅਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਪੀੜਤ ਔਰਤਾਂ ਵੱਲੋਂ ਸੂਚਿਤ ਕੀਤਾ ਗਿਆ ਸੀ। ਐਤਵਾਰ ਸਵੇਰੇ ਗੁੱਸੇ ’ਚ ਆਈਆਂ ਔਰਤਾਂ ਨੇ ਪਿੰਡ ’ਚ ਧਰਨਾ ਲਗਾ ਦਿੱਤਾ ਅਤੇ ਉਕਤ ਨੌਜਵਾਨ ਨੂੰ ਉੱਥੇ ਸੱਦਿਆ, ਜਿਵੇਂ ਹੀ ਨੌਜਵਾਨ ਧਰਨੇ ਵਾਲੀ ਜਗ੍ਹਾ ’ਤੇ ਪੁੱਜਾ ਤਾਂ ਔਰਤਾਂ ਨੇ ਪਿੰਡ ਵਾਲਿਆਂ ਨਾਲ ਮਿਲ ਕੇ ਉਸ ਨੂੰ ਫੜ ਲਿਆ ਅਤੇ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਦਿੱਤੀ।
ਮੌਕੇ ’ਤੇ ਮੌਜੂਦ ਔਰਤਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥਣਾਂ ਨਾਲ ਛੇੜ-ਛਾੜ ਕਰਨ ਦਾ ਮਾਮਲਾ ਅਸੀਂ ਪਿੰਡ ਦੇ ਸਰਪੰਚ ਦੇ ਧਿਆਨ ’ਚ ਪਹਿਲਾਂ ਵੀ ਲਿਆਂਦਾ ਸੀ ਅਤੇ ਜਿਨ੍ਹਾਂ ਸਾਨੂੰ ਭਰੋਸਾ ਦਿੱਤਾ ਸੀ ਕਿ ਉਹ ਉਕਤ ਨੌਜਵਾਨ ਨੂੰ ਬੁਲਾ ਕੇ ਪੁੱਛਗਿੱਛ ਕਰਨਗੇ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਪਰ ਜਦੋਂ ਸਾਨੂੰ ਇਨਸਾਫ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਐਤਵਾਰ ਨੂੰ ਧਰਨਾ ਲਾ ਦਿੱਤਾ। ਕੁਝ ਔਰਤਾਂ ਨੇ ਇਹ ਵੀ ਕਿਹਾ ਕਿ ਉਕਤ ਨੌਜਵਾਨ ਟੈਂਪੂ ’ਚ ਸਵਾਰ ਵਿਦਿਆਰਥਣਾਂ ਨਾਲ ਜਾਂਦਾ ਸੀ ਅਤੇ ਉਨ੍ਹਾਂ ਨਾਲ ਛੇੜ-ਛਾੜ ਕਰਨ ਦੇ ਇਲਾਵਾ ਉਨ੍ਹਾਂ ਨੂੰ ਆਪਣਾ ਫੋਨ ਨੰਬਰ ਵੀ ਦੇਣ ਦਾ ਯਤਨ ਕਰਦਾ ਸੀ। ਔਰਤਾਂ ਨੇ ਕਿਹਾ ਕਿ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਛੇੜ-ਛਾੜ ਕਰਨ ਵਾਲੇ ਨੌਜਵਾਨ ਨੂੰ ਜਲਦ ਕਾਬੂ ਕਰ ਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਜਾਵੇ।
ਟੈਂਪੂ ਚਾਲਕਾਂ ’ਤੇ ਲੱਗੇ ਦੋਸ਼ ਸਰਾਸਰ ਗਲਤ
ਨਸ਼ੇ ਦੇ ਦੋਸ਼ਾਂ ਬਾਰੇ ਜਦੋਂ ਇਸ ਸਬੰਧੀ ਉਥੇ ਮੌਜੂਦਾ ਟੈਂਪੂ ਚਾਲਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਟੈਂਪੂਆਂ ਦੇ ਜਿੰਨੇ ਵੀ ਚਾਲਕ ਹਨ ਉਹ ਨਸ਼ਾ ਨਹੀਂ ਕਰਦੇ, ਜੋ ਦੋਸ਼ ਲਾਏ ਜਾ ਰਹੇ ਹਨ ਕਿ ਟੈਂਪੂ ਚਾਲਕ ਨਸ਼ਾ ਕਰਦੇ ਹਨ, ਉਹ ਸਰਾਸਰ ਗਲਤ ਹਨ। ਦੋਸ਼ ਲਾਏ ਜਾ ਰਹੇ ਹਨ ਕਿ ਛੇੜ-ਛਾੜ ਕਰਨ ਵਾਲਾ ਉਕਤ ਦੋਸ਼ੀ ਟੈਂਪੂ ਚਾਲਕ ਹੈ, ਉਹ ਗਲਤ ਹਨ। ਉਸ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈ। ਜਾਂਚ ਸਮੇਂ ਸੱਚਾਈ ਸਾਰਿਆਂ ਦੇ ਸਾਹਮਣੇ ਆ ਜਾਵੇਗੀ। ਇਸ ਸਬੰਧੀ ਪਿੰਡ ਦੇ ਲੋਕਾਂ ਵਲੋਂ ਅੱਜ ਥਾਣਾ ਸਦਰ ਮੋਗਾ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ’ਤੇ ਸਹਾਇਕ ਥਾਣੇਦਾਰ ਰਘੁਵਿੰਦਰ ਪ੍ਰਸਾਦ ਪੁਲਸ ਪਾਰਟੀ ਸਣੇ ਘਟਨਾ ਵਾਲੀ ਜਗ੍ਹਾ ’ਤੇ ਪਹੁੰਚੇ ਅਤੇ ਲੋਕਾਂ ਅਤੇ ਪੀੜਤ ਔਰਤਾਂ ਤੋਂ ਪੁੱਛਗਿੱਛ ਕੀਤੀ।
ਉਨ੍ਹਾਂ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਕੇ ਸੱਚਾਈ ਜਾਨਣ ਦਾ ਯਤਨ ਕਰ ਰਹੇ ਹਨ। ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ, ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਹਰਬੰਸ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪਿੰਡ ਆਉਣ ’ਤੇ ਉਕਤ ਮਾਮਲੇ ਸਬੰਧੀ ਜਾਣਕਾਰੀ ਹਾਸਲ ਕਰਨਗੇ। ਇਸ ਦੇ ਬਾਅਦ ਹੀ ਉਹ ਕੁਝ ਕਹਿ ਸਕਦੇ ਹਨ।