ਪ੍ਰੇਮਿਕਾ ਦੇ ਇਸ਼ਕ 'ਚ ਅੰਨ੍ਹਾ ਹੋਇਆ ਕਾਂਸਟੇਬਲ, ਪਤਨੀ 'ਤੇ ਢਾਹਿਆ ਕਹਿਰ

Thursday, Feb 06, 2020 - 09:42 AM (IST)

ਪ੍ਰੇਮਿਕਾ ਦੇ ਇਸ਼ਕ 'ਚ ਅੰਨ੍ਹਾ ਹੋਇਆ ਕਾਂਸਟੇਬਲ, ਪਤਨੀ 'ਤੇ ਢਾਹਿਆ ਕਹਿਰ

ਮੋਗਾ : ਕਰੀਬੀ ਰਿਸ਼ਤੇਦਾਰ ਲੜਕੀ ਨੂੰ ਸੌਂਕਣ ਬਣਾ ਕੇ ਘਰ 'ਚ ਲਿਆਉਣ ਦਾ ਵਿਰੋਧ ਕੀਤਾ ਤਾਂ ਪੁਲਸ ਕਾਂਸਟੇਬਲ ਪਤੀ ਆਪਣੀ ਪਤਨੀ ਨਾਲ ਜਾਨਵਰਾਂ ਵਰਗਾਂ ਸਲੂਕ ਕਰਦਾ ਰਿਹਾ। ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਕਿਸੇ ਨੇ ਉਸ ਦੀ ਨਹੀਂ ਸੁਣੀ। ਜਾਣਕਾਰੀ ਮੁਤਾਬਕ ਗਰਬੀ ਵਾਸੀ ਜਸਵੀਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਵਿਆਹ 15 ਸਾਲ ਪਹਿਲਾਂ ਕਾਂਸਟੇਬਲ ਇੰਦਰਜੀਤ ਸਿੰਘ ਨਾਲ ਹੋਇਆ ਸੀ। ਦੋ ਸਾਲ ਸਭ ਕੁਝ ਠੀਕ ਰਿਹਾ ਫਿਰ ਪਤੀ ਦੇ ਜ਼ੁਲਮ ਸ਼ੁਰੂ ਹੋ ਗਏ, ਜੋ ਉਹ ਸਹਿਣ ਕਰਦੀ ਰਹੀ। ਉਸ ਨੇ ਦੋਸ਼ ਲਾਇਆ ਕਿ ਪਤੀ ਦੇ ਕਰੀਬੀ ਰਿਸ਼ੇਤਦਾਰ ਲੜਕੀ ਨਾਲ ਨਾਜਾਇਜ਼ ਸਬੰਧ ਹਨ। ਲੜਕੀ ਦੀ ਤਿੰਨ ਵਾਰ ਮੰਗਣੀ ਵੀ ਹੋਈ, ਜਿਹੜੀ ਪਤੀ ਨੇ ਤੁੜਵਾ ਦਿੱਤੀ ਕਿਉਂਕਿ ਉਹ ਖੁਦ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਵਿਆਹ ਦਾ ਵਿਰੋਧ ਕਰਨ 'ਤੇ ਪਤੀ ਪਿਛਲੇ 13 ਸਾਲ ਤੋਂ ਉਸ 'ਤੇ ਤਸ਼ੱਦਦ ਢਾਅ ਰਿਹਾ ਹੈ।

ਉਸ ਨੇ ਤਸ਼ੱਦਦ ਤੋਂ ਦੁਖੀ ਹੋ ਕੇ 26 ਦਸੰਬਰ 2014 ਨੂੰ ਪਤੀ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਪਰ ਕਾਂਸਟੇਬਲ ਪਤੀ ਨੇ ਮਾਮਲਾ ਰਫਾ-ਦਫਾ ਕਰ ਦਿੱਤਾ। ਪਿਛਲੇ ਸਾਲ 29 ਦਸੰਬਰ ਨੂੰ ਪਤੀ ਨੇ ਉਸ ਦੇ ਵਾਲ ਕੱਟ ਦਿੱਤੇ ਅਤੇ ਮੂੰਹ ਕਾਲਾ ਕਰ ਕੇ ਪਿੰਡ 'ਚ ਘੁੰਮਾਇਆ। ਪਿੰਡ ਦੇ ਕੁਝ ਲੋਕਾਂ ਨੇ ਵੀ ਪਤੀ ਦਾ ਸਾਥ ਦਿੱਤਾ। ਕੁਝ ਲੋਕਾਂ ਨੇ ਤਾਂ ਇਸ ਦੀ ਵੀਡੀਓ ਬਣਾ ਲਈ। ਇਹ ਮਾਮਲਾ ਜਦੋਂ ਥਾਣਾ ਸਦਰ ਪੁੱਜਿਆ ਤਾਂ ਪਿੰਡ ਦੇ ਇਕ ਵਿਅਕਤੀ ਨੇ ਉਥੇ ਸਮਝੌਤਾ ਕਰਵਾ ਕੇ ਮਾਮਲਾ ਦਬਾਅ ਦਿੱਤਾ। ਇਸ ਮਗਰੋਂ ਉਸ ਦੇ ਪਤੀ ਦੇ ਜ਼ੁਲਮ ਹੋਰ ਵੱਧ ਗਏ। ਬੱਚੇ ਜਦੋਂ ਸਕੂਲ ਜਾਂਦੇ ਸਨ ਤਾਂ ਪਤੀ ਉਸ ਨੂੰ ਇਕ ਕਮਰੇ 'ਚ ਬੰਦ ਕਰ ਦਿੰਦਾ ਸੀ। 23 ਜਨਵਰੀ ਨੂੰ ਬੱਚਿਆਂ ਦੀ ਸ਼ਿਕਾਇਤ 'ਤੇ ਪੁਲਸ ਨੇ ਉਸ ਨੂੰ ਮੁਕਤ ਕਰਵਾਇਆ ਅਤੇ ਪਤੀ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਤੇ ਉਸ ਨੂੰ ਸਸਪੈਂਡ ਕਰ ਦਿੱਤਾ ਪਰ ਉਸ ਦੀ ਗ੍ਰਿਫਤਾਰੀ ਨਹੀਂ ਹੋਈ। ਹੁਣ ਰਿਸ਼ਤੇਦਾਰ ਸਮਝੌਤੇ ਲਈ ਲਗਾਤਾਰ ਉਸ ਨੂੰ ਧਮਕਾ ਰਹੇ ਰਹੇ ਹਨ। ਦੂਜੇ ਪਾਸੇ ਇਸ ਸਬੰਧੀ ਜਦੋਂ ਪੁਲਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹੀਆਂ 200 ਸ਼ਿਕਾਇਤਾਂ ਉਨ੍ਹਾਂ ਕੋਲ ਰੋਜ਼ ਆਉਂਦੀਆਂ ਹਨ। ਕਿਹੜੀ-ਕਿਹੜੀ 'ਚੇ ਉਹ ਪ੍ਰੀਕਿਰਿਆ ਦੇਣ।


author

Baljeet Kaur

Content Editor

Related News