ਮੋਗਾ ਸੈਕਸ ਸਕੈਂਡਲ ''ਚ ਵੱਡਾ ਖੁਲਾਸਾ, ਗੈਂਗਸਟਰ ਸੁੱਖ ਭਿਖਾਰੀਵਾਲ ਤੇ ਹੈਰੀ ਚੱਠਾ ਦਾ ਨਾਂ ਆਇਆ ਸਾਹਮਣੇ
Wednesday, Nov 18, 2020 - 10:28 PM (IST)
ਮੋਹਾਲੀ (ਪਰਦੀਪ) : ਮੋਹਾਲੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਗੰਭੀਰ ਮਾਮਲਿਆਂ ਦੇ ਅਪਰਾਧੀ ਰਣਬੀਰ ਕਲਸੀ ਵਾਸੀ ਪਿੰਡ ਨਬੀਪੁਰ, ਜ਼ਿਲ੍ਹਾ ਗੁਰਦਾਸਪੁਰ, ਹਰਵਿੰਦਰ ਸਿੰਘ ਵਾਸੀ ਪਿੰਡ ਮੁਰਾਦਪੁਰਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਭੁਪਿੰਦਰ ਸਿੰਘ ਵਾਸੀ ਪਿੰਡ ਚੰਡੇ, ਜ਼ਿਲ੍ਹਾ ਅੰਮ੍ਰਿਤਸਰ 'ਤੇ ਆਧਾਰਤ ਇਕ ਸੁਪਾਰੀ ਕਿੱਲਰ ਗਿਰੋਹ ਨੂੰ ਬੇਨਕਾਬ ਕੀਤਾ ਅਤੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ । ਜ਼ਿਲ੍ਹਾ ਪੁਲਸ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਅਗਸਤ ਮਹੀਨੇ ਵਿਚ 10 ਅਗਸਤ 2020 ਨੂੰ ਕੁਰਾਲੀ ਏਰੀਆ ਵਿਚ ਇਕੋ ਦਿਨ ਹਥਿਆਰਾਂ ਦੀ ਨੋਕ 'ਤੇ ਇਕ ਕਾਰ ਅਤੇ ਮੋਟਰ ਸਾਈਕਲ ਦੀਆਂ ਦੋ ਖੋਹ ਦੀਆਂ ਵਾਰਦਾਤਾਂ ਹੋਈਆਂ ਸੀ। ਇਨ੍ਹਾਂ ਵਾਰਦਾਤਾਂ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ, ਜਿਸ ਦੇ ਨਤੀਜੇ ਵਜੋਂ ਕੁਰਾਲੀ ਵਿਚ ਰਣਬੀਰ ਕਲਸੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਭਗੌੜੇ ਗੈਂਗਸਟਰਾਂ ਸੁਖਮੀਤਪਾਲ ਸਿੰਘ ਉਰਫ ਸੁੱਖ ਭਿਖਾਰੀਵਾਲ ਅਤੇ ਸੁਖਪ੍ਰੀਤ ਸਿੰਘ ਉਰਫ ਹੈਰੀ ਚੱਠਾ ਦੀਆਂ ਹਦਾਇਤਾਂ 'ਤੇ ਉਸ ਨੇ ਆਪਣੇ ਸਾਥੀਆਂ ਹਰਵਿੰਦਰ ਸਿੰਘ ਦੋਧੀ ਤੇ ਭੁਪਿੰਦਰ ਸਿੰਘ ਭਿੰਦਾ ਨਾਲ ਮਿਲ ਕੇ ਬਹੁਚਰਚਿਤ ਮੋਗਾ ਸੈਕਸ ਸਕੈਂਡਲ ਦੇ ਦੋਸ਼ੀਆਂ ਪਤੀ-ਪਤਨੀ ਜੋ ਕਿ ਵਾਅਦਾ ਮੁਆਫ ਗਵਾਹ ਬਣ ਗਏ ਸਨ, ਦੀ ਸਤੰਬਰ 2018 ਵਿਚ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕੀਤੇ ਸਨ।
ਇਹ ਵੀ ਪੜ੍ਹੋ : ਪੁਲਸ ਨੇ ਪ੍ਰੋਡੈਕਸ਼ਨ ਵਾਰੰਟ 'ਤੇ ਲਏ ਰਵੀ ਬਲਾਚੌਰੀਆ ਤੇ ਅਰੁਣ ਛੁਰੀਮਾਰ, ਜਾਣੋ ਕੀ ਹੈ ਪੂਰਾ ਮਾਮਲਾ
ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਉਨ੍ਹਾਂ ਨੇ ਪਲਸਰ 220 ਮੋਟਰ ਸਾਈਕਲ ਦੀ ਵਰਤੋਂ ਕੀਤੀ ਸੀ ਅਤੇ ਉਨ੍ਹਾਂ ਪਾਸ ਤਿੰਨ ਪਿਸਤੌਲਾਂ ਸਨ। ਇਸ ਘਟਨਾ ਸਬੰਧੀ ਮੁਕੱਦਮਾ ਥਾਣਾ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦਰਜ ਹੈ। ਰਣਬੀਰ ਕਲਸੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਗੈਂਗਸਟਰ ਸੁੱਖ ਭਿਖਾਰੀਵਾਲ ਦੀ ਹਦਾਇਤ 'ਤੇ ਆਪਣੇ ਦੋ ਹੋਰ ਮੋਟਰਸਾਈਕਲ ਸਵਾਰ ਸਾਥੀਆਂ ਸਮੇਤ ਪਿੰਡ ਘੱਲ ਖੁਰਦ ਫਿਰੋਜ਼ਪੁਰ-ਮੋਗਾ ਰੋਡ 'ਤੇ ਇਕ ਢਾਬੇ 'ਤੇ ਰੋਟੀ ਖਾਣ ਲਈ ਰੁਕੀ ਪੁਲਸ ਪਾਰਟੀ 'ਤੇ 18 ਅਗਸਤ 2018 ਨੂੰ ਫਾਇਰਿੰਗ ਕਰ ਕੇ ਹੈਰੋਇਨ ਦੇ ਵੱਡੇ ਸਮਗਲਰ ਹਰਭਜਨ ਸਿੰਘ ਉਰਫ ਰਾਣਾ ਵਾਸੀ ਨਿਹਾਲਾ ਖਿਲਚਾ ਜ਼ਿਲ੍ਹਾ ਫਿਰੋਜ਼ਪੁਰ ਨੂੰ ਪੁਲਸ ਹਿਰਾਸਤ ਵਿਚੋਂ ਛੁਡਾਇਆ ਸੀ।
ਇਹ ਵੀ ਪੜ੍ਹੋ : ਮਾਮੇ ਨੇ ਖੋਲ੍ਹੀ ਸਕੀ ਭਾਣਜੀ ਦੀ ਕਰਤੂਤ, ਪਤੀ ਨਾਲ ਮਿਲ ਕੇ ਉਹ ਕੀਤਾ ਜੋ ਸੋਚਿਆ ਨਾ ਸੀ
ਫਾਇਰਿੰਗ ਵਿਚ ਇਕ ਪੁਲਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਿਆ ਸੀ। ਇਸ ਸਬੰਧੀ ਮੁਕੱਦਮਾ ਥਾਣਾ ਘੱਲ ਖੁਰਦ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਦਰਜ ਹੈ। ਭੁਪਿੰਦਰ ਸਿੰਘ ਭਿੰਦਾ ਤੇ ਹਰਵਿੰਦਰ ਸਿੰਘ ਦੋਧੀ ਜੋ ਵੱਖ-ਵੱਖ ਕੇਸਾਂ ਵਿਚ ਗ੍ਰਿਫ਼ਤਾਰ ਹੋ ਕੇ ਪੰਜਾਬ ਦੀ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਨ, ਨੂੰ ਵੀ ਪ੍ਰੋਡੈਕਸ਼ਨ ਵਰੰਟਾਂ 'ਤੇ ਹਾਸਲ ਕਰ ਕੇ ਅਦਾਲਤੀ ਪ੍ਰਕਿਰਿਆ ਰਾਹੀਂ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਨੇ ਆਪਣੀ ਪਹਿਲਾਂ ਗ੍ਰਿਫ਼ਤਾਰੀ ਸਮੇਂ ਇਨ੍ਹਾਂ ਟਰੇਸ ਹੋਏ ਕੇਸਾਂ ਵਿਚ ਆਪਣੀ ਸ਼ਮੂਲੀਅਤ ਛੁਪਾ ਲਈ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ 'ਤੇ ਵਿਧਵਾ ਨੇ ਲਗਾਏ ਬਲਾਤਕਾਰ ਦੇ ਦੋਸ਼
ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਇਹ ਅਪਰਾਧੀ ਹਰ ਤਰ੍ਹਾਂ ਦਾ ਅਪਰਾਧ ਕਰਨ ਲਈ ਤਤਪਰ ਰਹਿੰਦੇ ਹਨ। ਭੁਪਿੰਦਰ ਸਿੰਘ ਭਿੰਦਾ ਤੇ ਹਰਵਿੰਦਰ ਸਿੰਘ ਦੋਧੀ ਨੇ ਫਰਾਰ ਗੈਂਗਸਟਰ ਸੁਪ੍ਰੀਤ ਸਿੰਘ ਉਰਫ ਹੈਰੀ ਚੱਠਾ ਦੀ ਹਦਾਇਤ 'ਤੇ ਆਪਣੇ ਦੋ ਹੋਰ ਸਾਥੀਆਂ ਸਮੇਤ ਨਵੰਬਰ 2018 ਵਿਚ ਰਣਜੀਤ ਐਵੇਨਿਊ ਅੰਮ੍ਰਿਤਸਰ ਦੇ ਚੰਗੀ ਪ੍ਰਾਪਰਟੀ ਵਾਲੇ ਇਕ ਡਾਕਟਰ ਤੇ ਉਸ ਦੇ ਇਕ ਸਾਥੀ ਨੂੰ ਉਸ ਦੀ ਜ਼ਮੀਨ ਕਿਸੇ ਪਾਰਟੀ ਨੂੰ ਦਿਖਾਉਣ ਦੇ ਬਹਾਨੇ ਸੱਦ ਕੇ ਫਿਰੌਤੀ ਲੈਣ ਲਈ ਅਗਵਾ ਕਰ ਲਿਆ ਸੀ, ਜਿਸ ਨੂੰ ਡਰਾਉਣ ਲਈ ਜਦੋਂ ਭਿੰਦਾ ਫਾਇਰ ਕਰਨ ਲੱਗਾ ਤਾਂ ਡਾਕਟਰ ਨੇ ਉਪਰ ਹੱਥ ਮਾਰਿਆ ਤੇ ਗੋਲ਼ੀ ਹਰਵਿੰਦਰ ਦੋਧੀ ਦੇ ਕੰਨ ਨੂੰ ਪਾੜਦੀ ਹੋਈ ਕਰਾਸ ਕਰ ਗਈ। ਹਫੜਾ-ਦਫੜੀ ਵਿਚ ਡਾਕਟਰ ਤੇ ਉਸ ਦਾ ਸਾਥੀ ਬਚ ਨਿਕਲਣ ਵਿਚ ਕਾਮਯਾਬ ਹੋ ਗਏ ਸੀ। ਭੁਪਿੰਦਰ ਸਿੰਘ ਭਿੰਦੇ ਨੇ ਵਿਦੇਸ਼ ਭੱਜਣ ਲਈ ਜਾਅਲੀ ਨਾਂ ਗੁਰਪਿੰਦਰ ਸਿੰਘ ਤੇ ਫਰਜ਼ੀ ਪਾਰਟੀਕੁਲਰਜ਼ ਨਾਲ ਬਾਹਰਲੀ ਸਟੇਟ ਤੋਂ ਆਪਣੀ ਫੋਟੋ ਵਾਲਾ ਭਾਰਤੀ ਪਾਸਪੋਰਟ ਵੀ ਜਾਰੀ ਕਰਵਾ ਲਿਆ ਸੀ। ਇਨ੍ਹਾਂ ਤਿੰਨਾਂ ਪਾਸੋਂ ਅੱਗੇ ਪੁੱਛਗਿੱਛ ਜਾਰੀ ਹੈ, ਹੋਰ ਵੀ ਗੰਭੀਰ ਇੰਕਸਾਫ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਸਕੂਲਾਂ ਲਈ ਜਾਰੀ ਕੀਤੇ ਇਹ ਹੁਕਮ