'ਭਾਰਤ ਬੰਦ' ਦੀ ਕਾਲ ਨੂੰ ਮੋਗਾ 'ਚ ਭਰਵਾਂ ਹੁੰਗਾਰਾ (ਤਸਵੀਰਾਂ)
Wednesday, Jan 29, 2020 - 11:55 AM (IST)
ਮੋਗਾ (ਗੋਪੀ ਰਾਊਕੇ, ਬਿੰਦਾ, ਸੰਦੀਪ): ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ 29 ਜਨਵਰੀ ਨੂੰ ਦਿੱਤੇ 'ਭਾਰਤ ਬੰਦ' ਦੇ ਸੱਦੇ ਨੂੰ ਮੋਗਾ ਸ਼ਹਿਰ ਅੰਦਰ ਵੱਡਾ ਹੁੰਗਾਰਾ ਮਿਲਿਆ, ਜਿਸ ਤਹਿਤ ਜਿੱਥੇ ਸ਼ਹਿਰ ਦੇ ਮੁੱਖ ਬਾਜ਼ਾਰ ਤੋਂ ਇਲਾਵਾ ਤਪਤੇਜ ਸਿੰਘ ਮਾਰਕੀਟ, ਅੰਮ੍ਰਿਤਸਰ ਰੋਡ, ਬਾਗ ਗਲੀ, ਮੋਰੀ ਬਾਜ਼ਾਰ, ਚੌਕ ਸੇਖਾ, ਪ੍ਰਤਾਪ ਰੋਡ, ਰੇਲਵੇ ਰੋਡ ਆਦਿ ਦੀਆਂ ਦੁਕਾਨਾਂ ਮੁਕੰਮਲ ਰੂਪ 'ਚ ਬੰਦ ਰਹੀਆਂ। ਜਥੇਬੰਦੀਆਂ ਵੱਲੋਂ ਬਣਾਏ ਗਏ ਸਾਂਝੇ ਸੰਗਠਨ 'ਬਹੁਜਨ ਕ੍ਰਾਂਤੀ ਮੋਰਚਾ' ਦੇ ਝੰਡੇ ਹੇਠ ਜ਼ਿਲੇ ਦੀਆਂ ਧਾਰਮਕ, ਰਾਜਸੀ, ਮਜ਼ਦੂਰ, ਮੁਲਾਜ਼ਮ, ਕਿਸਾਨ, ਵਿਦਿਆਰਥੀ ਅਤੇ ਔਰਤ ਜਥੇਬੰਦੀਆਂ ਨੇ ਪੂਰੀ ਤਰ੍ਹਾਂ ਏਕੇ ਦਾ ਸਬੂਤ ਦਿੰਦਿਆਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ 'ਚ ਕਾਫਲੇ ਬੰਨ੍ਹ ਕੇ ਸ਼ਿਰਕਤ ਕੀਤੀ। ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਨੇ ਸਮੁੱਚੇ ਸ਼ਹਿਰ ਅੰਦਰ ਸ਼ਾਂਤਮਈ ਰੋਸ ਮਾਰਚ ਕਰਦਿਆਂ ਇਸ ਕਾਨੂੰਨ ਦਾ ਵਿਰੋਧ ਕੀਤਾ ਅਤੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਇਸ ਤੋਂ ਪਹਿਲਾਂ ਨਗਰ ਨਿਗਮ ਮੋਗਾ ਵਿਖੇ ਵੱਡਾ ਇਕੱਠ ਕੀਤਾ, ਜਿਸ ਨੂੰ ਸੰਬੋਧਨ ਕਰਦਿਆਂ ਬਹੁਜਨ ਕ੍ਰਾਂਤੀ ਮੋਰਚਾ ਦੇ ਜ਼ਿਲਾ ਸੰਯੋਜਕਾਂ ਵੀਰਭਾਨ ਦਾਨਵ ਪ੍ਰਧਾਨ ਭਾਵਾਧਸ, ਧਰਮਿੰਦਰ ਸਿੰਘ ਭਾਰਤ ਮੁਕਤੀ ਮੋਰਚਾ, ਐਡਵੋਕੇਟ ਮਨਜੀਤ ਸਿੰਘ ਧਾਲੀਵਾਲ ਮਜ਼੍ਹਬੀ/ਵਾਲਮੀਕਿ ਮਹਾਸਭਾ, ਸੋਮਨਾਥ ਚੌਬੜ, ਸੇਵਕ ਰਾਮ ਫੌਜੀ ਸਫਾਈ ਸੇਵਕ ਯੂਨੀਅਨ, ਸਤਪਾਲ ਅੰਜਾਨ, ਹਰਬੰਸ ਸਾਗਰ, ਸੁਰੇਸ਼ ਕਰੋਤੀਆਂ, ਚਮਨ ਲਾਲ ਸੰਗੇਲੀਆ, ਤੀਰਥ ਸਿੰਘ ਪ੍ਰਧਾਨ ਗੱਲਾ ਮਜ਼ਦੂਰ ਯੂਨੀਅਨ, ਬਚਿੱਤਰ ਸਿੰਘ ਫੂਡ ਐਂਡ ਅਲਾਈਡ ਵਰਕਰ ਯੂਨੀਅਨ, ਸਰਫਰੋਜ਼ ਅਲੀ ਭੁੱਟੋ, ਸੋਨੂੰ ਵਾਹਿਦ, ਮੋਨੂੰ ਵਾਹਿਦ, ਸੁਖਮੰਦਰ ਸਿੰਘ ਗੱਜਣਵਾਲਾ, ਜਗਰੂਪ ਸਿੰਘ, ਤੂੜੀ ਛਿਲਕਾ ਯੂਨੀਅਨ, ਜਸਵੀਰ ਸਿੰਘ ਗਿੱਲ ਫੈੱਡਰੇਸ਼ਨ ਪ੍ਰਧਾਨ, ਬਲਰਾਜ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਮਨਜੀਤ ਸਿੰਘ ਮੱਲਾ, ਮਦਨ ਲਾਲ ਬੋਹਤ, ਪਵਨ ਕੁਮਾਰ, ਸਤਿੰਦਰ ਸੈਣ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀਆਂ ਘੱਟ ਗਿਣਤੀਆਂ ਦਾ ਗਲਾ ਘੁੱਟਣਾ ਚਾਹੁੰਦੀ ਹੈ ਪਰ ਕੇਂਦਰ ਸਰਕਾਰ ਦੇ ਅਜਿਹੇ ਮਾੜੇ ਮਨਸੂਬੇ ਕਿਸੇ ਵੀ ਕੀਮਤ 'ਤੇ ਸਿਰੇ ਨਹੀਂ ਚੜ੍ਹਨ ਦਿੱਤੇ ਜਾਣਗੇ।
ਬੁਲਾਰਿਆਂ ਨੇ ਮੰਗ ਕੀਤੀ ਕਿ ਜੇਕਰ ਭਾਰਤ ਸਰਕਾਰ ਐੱਨ. ਆਰ. ਸੀ. ਲਾਗੂ ਕਰਨਾ ਚਾਹੁੰਦੀ ਹੈ ਤਾਂ ਉਸ ਦਾ ਆਧਾਰ ਡੀ. ਐੱਨ. ਏ. ਬਣਾਇਆ ਜਾਵੇ ਤਾਂ ਕਿ ਦੇਸ਼ ਦੇ ਮੂਲਨਿਵਾਸੀ ਲੋਕਾਂ ਅਤੇ ਵਿਦੇਸ਼ੀ ਘੁਸਪੈਠੀਆਂ ਦੀ ਸਹੀ ਵਿਗਿਆਨਕ ਤਰੀਕੇ ਨਾਲ ਪਛਾਣ ਹੋ ਸਕੇ। ਇਸ ਮੌਕੇ ਗੁਰਪ੍ਰੀਤਮ ਸਿੰਘ ਚੀਮਾ, ਐਡਵੋਕੇਟ ਕਮਲਜੀਤ ਸਿੰਘ, ਐਡਵੋਕੇਟ ਕੰਵਰ ਸਿੰਘ, ਜਗਮੋਹਣ ਸਿੰਘ, ਅਜੀਤ ਵਰਮਾ, ਨਰੇਸ਼ ਡੁਲਗਚ, ਬਲਦੇਵ ਸਿੰਘ, ਇਕਬਾਲ ਸਿੰਘ, ਡਾ. ਜੋਨੀ ਸਦੀਕ, ਮੱਖਣ ਮਾਮਦੀਨ, ਮੁਹੰਮਦ ਖਾਲਿਦ, ਦਰਸ਼ਨ ਸਿੰਘ, ਕੁਲਵੰਤ ਰਾਏ, ਕਰਨ ਸਿੱਧੂ, ਰਾਜੇਸ਼ ਦਾਨਵ, ਸੁਖੀ ਸਫਰੀ, ਸੁਨੀਲ ਚਾਟਲੇ, ਰਾਜ ਕੁਮਾਰ ਗੁੱਲੂ, ਮਾਸਟਰ ਰਿਆਜ਼ ਹੁਸੈਨ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਆਗੂ ਹਾਜ਼ਰ ਸਨ।
ਪ੍ਰਦਰਸ਼ਨਕਾਰੀਆਂ ਅਤੇ ਰਾਹਗੀਰਾਂ ਦਰਮਿਆਨ ਹੋਇਆ ਤਕਰਾਰ
ਇਸੇ ਦੌਰਾਨ ਹੀ ਨਗਰ ਨਿਗਮ ਮੋਗਾ ਦੇ ਬਾਹਰ ਪ੍ਰਦਰਸ਼ਨਕਾਰੀਆਂ ਅਤੇ ਰਾਹਗੀਰਾਂ ਦਰਮਿਆਨ ਉਦੋਂ ਤਕਰਾਰ ਹੋ ਗਿਆ, ਜਦੋਂ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਰੋਸ ਵਿਖਾਵਾ ਕਰ ਰਹੇ ਕੁੱਝ ਵਿਅਕਤੀਆਂ ਵੱਲੋਂ ਈ-ਰਿਕਸ਼ਾ ਚਾਲਕ ਨੂੰ ਰੋਕਿਆ ਗਿਆ ਤਾਂ ਦੋਹਾਂ ਧਿਰਾਂ ਦਰਮਿਆਨ ਤਕਰਾਰ ਵੱਧ ਗਿਆ। ਮੌਕੇ 'ਤੇ ਪੁੱਜੇ ਥਾਣਾ ਸਿਟੀ ਸਾਊਥ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲੇ ਨੂੰ ਸ਼ਾਂਤ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਚੁੱਕੇ ਈ. ਵੀ. ਐੱਮ. 'ਤੇ ਸਵਾਲ
ਪ੍ਰਦਰਸ਼ਨਕਾਰੀਆਂ ਨੇ ਈ. ਵੀ. ਐੱਮ. 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਕੇਂਦਰ ਸਰਕਾਰ ਲੋਕਤੰਤਰ ਦੀ ਹੱਤਿਆ ਕਰਨ ਲਈ ਵੋਟਿੰਗ ਮਸ਼ੀਨਾਂ ਨਾਲ ਵੋਟਾਂ ਪਵਾ ਰਹੀ ਹੈ। ਜਥੇਬੰਦੀਆਂ ਦੇ ਆਗੂਆਂ ਦਰਸ਼ਨ ਸਿੰਘ ਡਗਰੂ, ਚੰਨਣ ਸਿੰਘ ਵੱਟੂ ਅਤੇ ਜਗਤਾਰ ਸਿੰਘ ਮੱਖੂ ਦਾ ਕਹਿਣਾ ਸੀ ਕਿ ਭਾਜਪਾ ਨੇ ਦੋ ਦਫਾ ਵੋਟਿੰਗ ਮਸ਼ੀਨਾਂ 'ਚ ਘਪਲਾ ਕਰ ਕੇ ਕੇਂਦਰ 'ਚ ਸਰਕਾਰ ਬਣਾਈ ਹੈ।
'ਬੰਦ' ਦੌਰਾਨ ਸ਼ਹਿਰ 'ਚ 10 ਕਰੋੜ ਦਾ ਕਾਰੋਬਾਰ ਪ੍ਰਭਾਵਿਤ
ਵੱਖ-ਵੱਖ ਵਸੀਲਿਆਂ ਤੋਂ ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਮੋਗਾ ਸ਼ਹਿਰ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ 'ਬੰਦ' ਰਹਿਣ ਕਰ ਕੇ ਲਗਭਗ 10 ਕਰੋੜ ਤੋਂ ਵੱਧ ਦਾ ਕਾਰੋਬਾਰ ਪ੍ਰਭਾਵਿਤ ਹੋਇਆ। 80 ਫੀਸਦੀ ਦੇ ਲਗਭਗ ਵੱਖ-ਵੱਖ ਦੁਕਾਨਾਂ ਬੰਦ ਰਹਿਣ ਕਰ ਕੇ ਕਿੱਧਰੇ ਵੀ ਲੋਕ ਕੋਈ ਖਰੀਦੋ-ਫਰੋਖਤ ਨਹੀਂ ਹੋ ਸਕੀ।
ਚਲਦੀ ਰਹੀ ਬੱਸ ਸੇਵਾ, ਸਵਾਰੀਆਂ ਦੀ ਕਮੀ
ਮੋਗਾ 'ਚ ਬੱਸ ਸੇਵਾ ਤਾਂ ਚੱਲਦੀ ਰਹੀ ਪਰ ਸਵਾਰੀਆਂ ਦੀ ਪਹਿਲਾਂ ਨਾਲੋਂ ਕਮੀ ਦੇਖੀ ਗਈ ਕਿਉਂਕਿ ਲੋਕਾਂ ਨੂੰ 'ਬੰਦ' ਦੀ ਅਗਾਊਂ ਸੂਚਨਾ ਕਰ ਕੇ ਬਹੁਤੇ ਲੋਕ ਬਾਜ਼ਾਰ ਨਹੀਂ ਆਏ। ਬੱਸਾਂ ਦੇ ਕਾਰੋਬਾਰ ਨਾਲ ਜੁੜੇ ਗੁਰਜੰਟ ਮਾਨ ਦੌਲਤਪੁਰਾ ਦਾ ਕਹਿਣਾ ਸੀ ਕਿ ਵੱਡੀਆਂ ਬੱਸਾਂ ਦੇ ਮੁਕਾਬਲੇ ਮਿੰਨੀ ਬੱਸ ਚਾਲਕਾਂ ਦਾ ਨੁਕਸਾਨ ਜ਼ਿਆਦਾ ਹੋਇਆ ਹੈ।