ਮੋਗਾ : 40 ਵਰ੍ਹਿਆਂ ਬਾਅਦ ''ਮੱਛੀ ਮਾਰਕੀਟ'' ਵਾਲੀ ਥਾਂ ਦਾ ਨਾਜਾਇਜ਼ ਕਬਜ਼ਾ ਛੁਡਵਾਇਆ
Tuesday, Jun 02, 2020 - 09:59 AM (IST)
ਮੋਗਾ (ਗੋਪੀ ਰਾਊਕੇ) : ਇੱਥੇ ਫਿਰੋਜ਼ਪੁਰ ਰੋਡ ਸਥਿਤ ਨਗਰ ਸੁਧਾਰ ਟਰੱਸਟ ਮੋਗਾ ਦੀ ਕਰੋੜਾਂ ਰੁਪਏ ਦੀ ਕੀਮਤੀ ਜ਼ਮੀਨ ’ਤੇ ਪਿਛਲੇ 40 ਵਰ੍ਹਿਆ ਤੋਂ ਕਥਿਤ ਤੌਰ ’ਤੇ ‘ਮੱਛੀ ਮਾਰਕੀਟ’ ਲਾ ਕੇ ਕੀਤਾ ਗਿਆ ਨਾਜਾਇਜ਼ ਕਬਜ਼ਾ ਆਖਿਰਕਾਰ ਡਿਊਟੀ ਮੈਜਿਸਟ੍ਰੇਟ ਮਨਿੰਦਰ ਸਿੰਘ ਨਾਇਬ ਤਹਿਸੀਲਦਾਰ ਦੀ ਹਾਜ਼ਰੀ 'ਚ ਨਗਰ ਸੁਧਾਰ ਟਰੱਸਟ ਮੋਗਾ ਦੇ ਅਧਿਕਾਰੀਆਂ ਨੇ ਛੁਡਾ ਲਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਪਿਛਲੇ ਲੰਮੇਂ ਸਮੇਂ ਤੋਂ ਇਸ ਜ਼ਮੀਨ ’ਤੇ ਮੱਛੀ ਮਾਰਕੀਟ ਲਾ ਕੇ ਲੋਕ ਆਪਣੇ ਕਾਰੋਬਾਰ ਕਰਦੇ ਸਨ ਪਰ ਨਗਰ ਸੁਧਾਰ ਟਰੱਸਟ ਵੱਲੋਂ ਜਦੋਂ ਵਾਰ-ਵਾਰ ਦੁਕਾਨਦਾਰਾਂ ਨੂੰ ਮੱਛੀ ਮਾਰਕੀਟ ਨੂੰ ਚੁੱਕਣ ਲਈ ਅਪੀਲਾ ਤੇ ਦਲੀਲਾਂ ਕਰਨ ਮਗਰੋਂ ਵੀ ਕੋਈ ਹੱਲ ਨਾ ਹੋਇਆ ਤਾਂ ਬੀਤੇ ਦਿਨ ਤੜਕਸਾਰ ਭਾਰੀ ਗਿਣਤੀ ’ਚ ਪੁਲਸ ਫੋਰਸ ਨੂੰ ਨਾਲ ਲੈ ਕੇ ਨਗਰ ਸੁਧਾਰ ਟਰੱਸਟ ਦੇ ਅਮਲੇ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ।
ਦੁਕਾਨਦਾਰ ਨਾਨਕ ਚੰਦ ਤੇ ਹੋਰਨਾਂ ਨੇ ਵਿਰੋਧ ਕਰਦਿਆਂ ਕਿਹਾ ਕਿ ਉਹ ਲੰਮੇਂ ਸਮੇਂ ਤੋਂ ਇੱਥੇ ਕਾਰੋਬਾਰ ਕਰ ਕੇ ਆਪਣਾ ਢਿੱਡ ਭਰ ਰਹੇ ਹਨ ਪਰ ਉਨ੍ਹਾਂ ਨੂੰ ਉਠਾਇਆ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਕਾਰੋਬਾਰ ਦਾ ਨੁਕਸਾਨ ਹੋਵੇਗਾ। ਇਸ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਬਣਨ ਮਗਰੋਂ ਭਾਰੀ ਗਿਣਤੀ ’ਚ ਪੁਲਸ ਫੋਰਸ ਲੈ ਕੇ ਪੁੱਜੇ ਡੀ. ਐੱਸ. ਪੀ. ਸਿਟੀ ਬਰਜਿੰਦਰ ਸਿੰਘ, ਐੱਸ. ਐੱਚ. ਓ. ਕਰਮਜੀਤ ਸਿੰਘ ਅਤੇ ਸਬ-ਇੰਸਪੈਕਟਰ ਸੰਦੀਪ ਸਿੰਘ ਵੱਲੋਂ ਦੁਕਾਨਦਾਰਾਂ ਨੂੰ ਸਮਝਾਇਆ ਗਿਆ ਤਾਂ ਉਨ੍ਹਾਂ ਆਪਣੇ ਪੱਧਰ ’ਤੇ ਹੀ ਸਾਮਾਨ ਚੁੱਕਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਮੱਛੀ ਮਾਰਕੀਟ ਚੁੱਕਣ ਮਗਰੋਂ ਨਾਲ ਲੱਗਦੇ ਦੁਕਾਨਦਾਰਾਂ ਨੇ ਜ਼ਰੂਰ ਸੁੱਖ ਦਾ ਸਾਹ ਲਿਆ ਹੈ ਕਿਉਕਿ ਮੱਛੀ ਮਾਰਕੀਟ ਦੀ ਗੰਦਗੀ ਕਰਕੇ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।
ਮੱਛੀ ਮਾਰਕੀਟ ਵਾਲੀ ਥਾਂ ’ਤੇ ਨਵੇਂ ਬੂਥ ਬਨਣਗੇ : ਚੇਅਰਮੈਨ ਬਾਂਸਲ
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਮੱਛੀ ਮਾਰਕੀਟ ਦੀ ਗੰਦਗੀ ਕਰਕੇ ਨਾਲ ਲੱਗਦੇ ਦੁਕਾਨਦਾਰਾਂ ਵੱਲੋਂ ਨਿੱਤ ਦਿਨ ਸ਼ਿਕਾਇਤਾ ਦਿੱਤੀਆਂ ਜਾ ਰਹੀਆਂ ਸਨ, ਜਿਸ ਕਰਕੇ ਇਸ ਥਾਂ ਨੂੰ ਖਾਲੀ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਸ ਥਾਂ ’ਤੇ ਨਵੀਆਂ ਦੁਕਾਨਾਂ ਦੇ ਬੂਥ ਬਣਾਏ ਜਾਣਗੇ, ਜਿਸ ਨਾਲ ਨਗਰ ਸੁਧਾਰ ਟਰੱਸਟ ਦੀ ਆਮਦਨੀ 'ਚ ਵਾਧਾ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਦੁਕਾਨਦਾਰਾਂ ਨੂੰ ਨਵੀਂ ਥਾਂ ਮੁਹੱਈਆ ਕਰਵਾਉਣ ਲਈ ਨਗਰ ਨਿਗਮ ਮੋਗਾ ਦੇ ਅਧਿਕਾਰੀਆਂ ਨਾਲ ਤਾਲਮੇਲ ਬਣਾਇਆ ਗਿਆ ਹੈ।