ਮੋਗਾ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੇ ਹਲਕਾ ਵਿਧਾਇਕ ਦਰਮਿਆਨ ਪੈਦਾ ਹੋਇਆ ਵਿਵਾਦ ਹੋਰ ਭਖਣ ਲੱਗਾ

Monday, Aug 17, 2020 - 01:49 PM (IST)

ਮੋਗਾ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੇ ਹਲਕਾ ਵਿਧਾਇਕ ਦਰਮਿਆਨ ਪੈਦਾ ਹੋਇਆ ਵਿਵਾਦ ਹੋਰ ਭਖਣ ਲੱਗਾ

ਮੋਗਾ (ਗੋਪੀ ਰਾਊਕੇ, ਸੰਦੀਪ ਸ਼ਰਮਾ) : ਮੋਗਾ ਦੇ ਸਿਵਲ ਹਸਪਤਾਲ ’ਚ ਪ੍ਰਵਾਸੀ ਭਾਰਤੀਆਂ ਵੱਲੋਂ ਵਿਦੇਸ਼ ਜਾਣ ਤੋਂ ਐਨ ਪਹਿਲਾਂ ਜ਼ਰੂਰੀ ਕੋਰੋਨਾ ਟੈਸਟ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਹਲਕਾ ਵਿਧਾਇਕ ਡਾ. ਹਰਜੋਤ ਕਮਲ ਅਤੇ ਡਾਕਟਰਾਂ ਦਰਮਿਆਨ ਪੈਦਾ ਹੋਇਆ ਵਿਵਾਦ ਦਿਨੋਂ-ਦਿਨ ਭਖਦਾ ਜਾ ਰਿਹਾ ਹੈ। ਵਿਧਾਇਕ ਦਾ ਕਹਿਣਾ ਹੈ ਉਹ ਹਲਕੇ ਦਾ ਨੁਮਾਇੰਦਾ ਹੋਣ ਦੇ ਨਾਂ ’ਤੇ ਡਾਕਟਰਾਂ ਨੂੰ ਸਿਰਫ਼ ਇਹ ਅਪੀਲ ਕਰ ਰਹੇ ਸਨ ਕਿ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾਵੇ, ਜਦੋਂ ਕਿ ਡਾਕਟਰਾਂ ਦਾ ਦੋਸ਼ ਹੈ ਕਿ ਵਿਧਾਇਕ ਵੱਲੋਂ ਡਾਕਟਰਾਂ ਖਿਲਾਫ਼ ਮੰਦੀ ਸ਼ਬਦਾਵਲੀ ਵਰਤੀ ਗਈ ਅਤੇ ਡਾਕਟਰ ਬੀਬੀ ਦੀ ਬਦਲੀ ਕਰਵਾ ਦਿੱਤੀ ਪਰ ਵਿਧਾਇਕ ਕਹਿੰਦੇ ਹਨ ਕਿ ਅਸਲੀਅਤ ਇਹ ਹੈ ਕਿ ਮਹਿਕਮੇ ਨੇ ਆਪਣੇ ਤੌਰ ’ਤੇ ਹੀ ਡਾਕਟਰ ਬੀਬੀ ਦੀ ਬਦਲੀ ਕੀਤੀ ਹੈ।

ਇਸੇ ਦਰਮਿਆਨ ਹੀ ਮੋਗਾ ਦੇ ਆਰ. ਟੀ. ਆਈ. ਐਕਟੀਵਿਸਟ ਸੁਰੇਸ਼ ਸੂਦ ਨੇ ਜਾਰੀ ਕੀਤੇ ਬਿਆਨ ਰਾਹੀਂ ਕਿਹਾ ਹੈ ਕਿ ਡਾਕਟਰਾਂ ਦੀ ਹੜ੍ਹਤਾਲ ਕਰ ਕੇ ਮਰੀਜ਼ਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਅਤੇ ਉਹ ਆਰ. ਟੀ. ਆਈ. ਰਾਹੀਂ ਇਸ ਮਾਮਲੇ ਦੀ ਪੂਰੀ ਜਾਣਕਾਰੀ ਵੀ ਮੰਗਣਗੇ। ਸੂਦ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਤੋਂ ਇਹ ਜਾਣਕਾਰੀ ਮੰਗੀ ਜਾ ਰਹੇ ਹੈ ਕਿ ‘ਨੋ ਵਰਕ ਨੋ ਪੇਅ’ ਕਿਨ੍ਹਾਂ ਹਾਲਤਾਂ 'ਚ ਮੁਲਾਜ਼ਮਾਂ ’ਤੇ ਲਾਗੂ ਹੁੰਦਾ ਹੈ।

ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਪ੍ਰਸ਼ਾਸਨ ਵੱਲੋਂ ਇਕ ਪਾਸੇ ਤਾਂ ਪੰਜ ਤੋਂ ਵੱਧ ਵਿਅਕਤੀ ਇਕੱਤਰ ਹੋਣ ’ਤੇ ਪਾਬੰਦੀਆਂ ਲਗਾਈਆਂ ਗਈਆਂ ਹਨ ਪਰ ਸਰਕਾਰੀ ਹਸਪਤਾਲ 'ਚ ਕਥਿਤ ਤੌਰ ’ਤੇ ਨਿਯਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਣਕਾਰੀ ਆਉਣ ਮਗਰੋਂ ਅਗਲੀ ਰਣਨੀਤੀ ਸਬੰਧੀ ਜਾਣੂੰ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਦੂਜੇ ਪਾਸੇ ਡਾਕਟਰਾਂ ਅਤੇ ਵਿਧਾਇਕ ਪੱਖ ਵੱਲੋਂ ਵੀ ਇਸ ਮਾਮਲੇ ’ਤੇ ਬਿਆਨਬਾਜ਼ੀ ਕਰਨ ਦਾ ਦੌਰ ਜਾਰੀ ਹੈ।


 


author

Babita

Content Editor

Related News