ਧੀ ਹੋਣ ਦੀ ਖੁਸ਼ੀ ’ਚ ਖੀਵਾ ਹੋਇਆ ਪਰਿਵਾਰ, ਫੁੱਲਾਂ ਵਾਲੀ ਕਾਰ ’ਚ ਲਿਆਂਦਾ ਘਰ (ਤਸਵੀਰਾਂ)
Wednesday, Aug 28, 2019 - 04:24 PM (IST)

ਮੋਗਾ (ਵਿਪਨ) - ਸਾਡੇ ਦੇਸ਼ ’ਚ ਅੱਜ ਵੀ ਕੁੜੀ ਅਤੇ ਮੁੰਡੇ ’ਚ ਫਰਕ ਸਮਝਿਆ ਜਾਂਦਾ ਹੈ। ਘਰ ’ਚ ਮੁੰਡਾ ਹੋਣ ’ਤੇ ਪਰਿਵਾਰ ਵਾਲਿਆਂ ਵਲੋਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ, ਜੇਕਰ ਕੁੜੀ ਹੋ ਜਾਵੇ ਤਾਂ ਸੋਗ ਪੈਦਾ ਹੋ ਜਾਂਦਾ ਹੈ। ਦੇਸ਼ ’ਚ ਕਈ ਮਾਂ-ਬਾਪ ਅਜਿਹੇ ਵੀ ਹਨ, ਜਿਹੜੇ ਕੁੜੀ ਦਾ ਜਨਮ ਹੋਣ ਤੋਂ ਪਹਿਲਾਂ ਉਸ ਕਤਲ ਕਰਵਾ ਦਿੰਦੇ ਹਨ। ਅੱਜ ਦੇ ਸਮੇਂ ’ਚ ਕੁੜੀਆਂ ਕਿਸੇ ਨਾਲ ਘੱਟ ਨਹੀਂ, ਇਹ ਕਹਿਣਾ ਹੈ ਮੋਗਾ ਦੇ ਡਾਲਾ ਪਿੰਡ ’ਚ ਰਹਿਣ ਵਾਲੇ ਇਕ ਪਰਿਵਾਰ ਦਾ। ਡਾਲਾ ਪਿੰਡ ’ਚ ਰਹਿਣ ਵਾਲੇ ਇਸ ਪਰਿਵਾਰ ਦੇ ਘਰ ਜਦੋਂ ਕੁੜੀ ਨੇ ਜਨਮ ਲਿਆ ਤਾਂ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ।
ਨਵ-ਜੰਮੀ ਕੁੜੀ ਨੂੰ ਹਸਪਤਾਲ ਤੋਂ ਘਰ ਫੁੱਲਾਂ ਵਾਲੀ ਕਾਰ ’ਚ ਲਿਆਂਦਾ ਗਿਆ ਅਤੇ ਘਰ ਦੇ ਬਾਹਰ ਢੋਲ ਵਜਾ ਕੇ ਪੂਰੇ ਰੀਤੀ ਰਿਵਾਜ਼ਾ ਨਾਲ ਉਸ ਦਾ ਜ਼ੋਰਦਾਰ ਸਵਾਗਤ ਦਿੱਤਾ। ਇਸ ਮੌਕੇ ਬੱਚੀ ਦੀ ਦਾਦੀ ਨੇ ਉਸ ਦੇ ਸਿਰ ਤੋਂ ਪਾਣੀ ਵਾਰ ਕੇ ਕਾਰ ਦੇ ਟਾਇਰਾਂ ’ਤੇ ਪਾਇਆ, ਜਿਸ ਨੂੰ ਪੰਜਾਬ ’ਚ ਸ਼ਗਨ ਮੰਨਿਆ ਜਾਂਦਾ ਹੈ। ਬੱਚੀ ਦੇ ਘਰ ਆਉਣ ਦੀ ਖੁਸ਼ੀ ’ਚ ਪਰਿਵਾਰ ਵਾਲਿਆਂ ਨੇ ਆਪਣੇ ਪੂਰੇ ਮੁਹੱਲੇ ’ਚ ਲੱਡੂ ਵੰਡੇ।