ਧਾਰਮਕ ਸਥਾਨ ਦੇ ਸ਼ਰਧਾਲੂਆਂ ਨੇ ਕੱਟੀ ਕਿਸਾਨ ਦੀ ਕੱਚੀ ਫਸਲ
Tuesday, Apr 16, 2019 - 04:02 AM (IST)
ਮੋਗਾ (ਮਨੋਜ)-ਬੱਧਨੀ ਕਲਾਂ ਦੀ ਪ੍ਰਸਿੱਧ ਧਾਰਮਕ ਸੰਸਥਾ ਆਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਦੇ ਸ਼ਰਧਾਲੂਆਂ ਵੱਲੋਂ ਬੀਤੀ ਰਾਤ ਇਕ ਕਿਸਾਨ ਦੀ ਕਥਿਤ ਤੌਰ ''ਤੇ ਕੱਚੀ ਖਡ਼੍ਹੀ ਕਣਕ ਦੀ ਫਸਲ ਨੂੰ ਵੱਢ ਲਿਆ ਗਿਆ। ਦਰਅਸਲ, ਗੁਰਦੀਪ ਕੌਰ ਦੀ ਮਾਲਕੀ ਵਾਲੀ ਇਹ ਜ਼ਮੀਨ ਬਾਬਾ ਜ਼ੋਰਾ ਸਿੰਘ ਦੀ ਠਾਠ ਦੇ ਬਿਲਕੁੱਲ ਨਾਲ ਹੀ ਸਥਿਤ ਹੈ, ਜਿਸ ''ਤੇ ਲੰਮੇ ਸਮੇਂ ਤੋਂ ਬਾਬੇ ਦੇ ਸ਼ਰਧਾਲੂ ਕਥਿਤ ਤੌਰ ''ਤੇ ਆਪਣਾ ਕਬਜ਼ਾ ਕਰਨਾ ਚਾਹੁੰਦਾ ਸੀ ਪਰ ਬੀਤੀ ਰਾਤ ਸੈਂਕਡ਼ਿਆਂ ਦੀ ਗਿਣਤੀ ਵਿਚ ਸ਼ਰਧਾਲੂ ਟਰੈਕਟਰ ਅਤੇ ਹਥਿਆਰਾਂ ਨਾਲ ਲੈਸ ਹੋ ਕੇ ਫਸਲ ਨੂੰ ਕੱਟਣ ਲੱਗ ਪਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਸ ਫਸਲ ਨੂੰ ਕੱਟਿਆ ਜਾ ਰਿਹਾ ਸੀ ਉਹ ਅਜੇ ਤੱਕ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਹੋਈ ਸੀ। ਕਿਸਾਨ ਨੂੰ ਰਾਤ 12 ਵਜੇ ਦੇ ਕਰੀਬ ਤਦ ਪਤਾ ਲੱਗਾ, ਜਦ ਉਹ ਪਸ਼ੂਆਂ ਤੋਂ ਫਸਲ ਨੂੰ ਬਚਾਉਣ ਲਈ ਖੇਤਾਂ ਨੂੰ ਗਿਆ ਸੀ। ਕਿਸਾਨ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਤੁਰੰਤ ਪੁਲਸ ਨੂੰ ਫੋਨ ਕੀਤਾ, ਜਿਸ ਉਪਰੰਤ ਹੀ ਪੁਲਸ ਮੌਕੇ ''ਤੇ ਪਹੁੰਚੀ ਤਾਂ ਫਸਲ ਨੂੰ ਕੱਟ ਰਹੇ ਸ਼ਰਧਾਲੂੂ ਭੱਜ ਗਏ। ਅੱਜ ਸਵੇਰੇ ਕਿਸਾਨ ਦੇ ਸਮਰਥਨ ''ਚ ਇਕੱਠੇ ਹੋਏ ਸਾਬਕਾ ਚੇਅਰਮੈਨ ਰਤਨ ਸਿੰਘ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਨੰਬਰਦਾਰ, ਸੁਖਮੰਦਰ ਸਿੰਘ ਬਰਾਡ਼ ਅਤੇ ਸਹਿਕਾਰੀ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਕੰਤਾ ਨੇ ਕਿਹਾ ਕਿ ਕਿਸਾਨ ਨੂੰ ਇਨਸਾਫ ਦਿਵਾਉਣ ਲਈ ਹਰ ਤਰ੍ਹਾਂ ਦਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਆਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਦੇ ਮੂਹਰੇ ਲਡ਼ੀਵਾਰ ਰੋਸ ਧਰਨਾ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਦੌਰਾਨ ਥਾਣਾ ਬੱਧਨੀ ਕਲਾਂ ਦੇ ਇੰਚਾਰਜ ਵੇਦ ਪ੍ਰਕਾਸ਼ ਅਤੇ ਪੁਲਸ ਅਧਿਕਾਰੀਆਂ ਨੇ ਮੌਕੇ ਦਾ ਨਿਰੀਖਣ ਕੀਤਾ ਅਤੇ ਜਾਂਚ ਉਪਰੰਤ ਪੁਲਸ ਵੱਲੋਂ ਮਾਮਲੇ ''ਚ ਤੇਜਿੰਦਰ ਸਿੰਘ ਅਤੇ ਜਗਜੀਤ ਸਿੰਘ ਦੇ ਇਲਾਵਾ 150 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਬੱਧਨੀ ਕਲਾਂ ਦੀ ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜਦ ਇਸ ਸਬੰਧੀ ਬਾਬਾ ਜ਼ੋਰਾ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ।
