ਢੱਡਰੀਆਂ ਵਾਲੇ ਵਲੋਂ ਕੀਤੀ ਗੁਰਬਾਣੀ ਦੀ ਵਿਆਖਿਆ ਨੇ ਹਲੂਣ ਦਿੱਤੀ ਸੰਗਤ
Monday, Apr 08, 2019 - 04:03 AM (IST)
ਮੋਗਾ (ਚਟਾਨੀ)-ਸਿੱਖ ਧਰਮ ਦੇ ਪ੍ਰਚਾਰ ਲਈ ਗਲੀ-ਗਲੀ ’ਚ ਵਿਚਰ ਰਹੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਇਥੇ ਤਿੰਨ ਦਿਨਾਂ ਦੇ ਲਾਏ ਦੀਵਾਨਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰਲੀਆਂ ਹਕੀਕਤਾਂ ਤੋਂ ਸੰਗਤ ਨੂੰ ਅਜਿਹੇ ਸਰਲ ਤਰੀਕੇ ਨਾਲ ਜਾਣੂ ਕਰਵਾਇਆ ਕਿ ਲੋਕਾਂ ਨੇ ਆਪਣੀ ਜੀਵਨ ਜਾਂਚ ’ਚ ਤਬਦੀਲੀਆਂ ਆਰੰਭ ਦਿੱਤੀਆਂ ਹਨ। ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦਾ ਆਨੰਦ ਮਾਣਦੇ ਰਹੇ ਹਨ ਅਤੇ ਉਨ੍ਹਾਂ ਨੂੰ ਤਰਕ ਭਰਪੂਰ ਤਰੀਕੇ ਨਾਲ ਭਾਈ ਢੱਡਰੀਆਂ ਵਾਲਿਆਂ ਨੇ ਹੀ ਸੰਤੁਸ਼ਟ ਕੀਤਾ। ਹਲਕੇ ਅੰਦਰਲੀ ਸੰਗਤ ਦਾ ਕਹਿਣਾ ਹੈ ਕਿ ਉਹ ਅਜਿਹੇ ਡੇਰਿਆਂ ਅੰਦਰ ਨਤਮਸਤਕ ਹੁੰਦੇ ਰਹੇ, ਜਿਸ ਦੇ ਸੰਚਾਲਕਾਂ ਨੂੰ ਅਰਦਾਸ ਤੱਕ ਵੀ ਕਰਨ ਦਾ ਗਿਆਨ ਨਹੀਂ ਹੈ ਪਰ ਢੱਡਰੀਆਂ ਵਾਲੇ ਭਾਈ ਸਾਹਿਬ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਵਾਤਾਵਰਣ ਦੀ ਸ਼ੁੱਧਤਾ ਸਬੰਧੀ ਗੁਰਬਾਣੀ ਅੰਦਰਲੀਆਂ ਮਹਾਨ ਤੁਕਾਂ ਦੇ ਵਿਗਿਆਨਕ ਵਰਨਣ ਤੋਂ ਪ੍ਰਭਾਵਿਤ ਹੁੰਦਿਆਂ ਲੋਕਾਂ ਨੇ ਪੌਦਿਆਂ ਦੇ ਲੰਗਰ ਲਾਉਣੇ ਆਰੰਭ ਦਿੱਤੇ ਹਨ ਜਦਕਿ ਖਾਧ ਪਦਾਰਥਾਂ ਦੇ ਲੰਗਰਾਂ ਦੇ ਨਾਲ-ਨਾਲ ਹੁਣ ਸਥਾਨਕ ਸ਼ਹਿਰ ਅਤੇ ਪਿੰਡਾਂ ਦੀਆਂ ਯੂਥ ਕਲੱਬਾਂ ਨੇ ਦਵਾਈਆਂ ਦੇ ਲੰਗਰਾਂ ਦੀ ਰੂਪ-ਰੇਖਾ ਉਲੀਕ ਲਈ ਹੈ। ਵੱਖ-ਵੱਖ ਧਾਰਮਕ ਸੰਸਥਾਵਾਂ ਅਤੇ ਕਲੱਬਾਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਹ ਹੁਣ ਫਿਰ ਅਜਿਹੇ ਦੀਵਾਨਾਂ ਦਾ ਜਲਦ ਪ੍ਰਬੰਧ ਕਰਨਗੇ ਤਾਂ ਜੋ ਲੋਕਾਂ ਨੂੰ ਗੁਰੂ ਦੇ ਸਿਧਾਂਤਾ ਪ੍ਰਤੀ ਜਾਗਰੂਕ ਕੀਤਾ ਜਾ ਸਕੇ।
