ਨੌਜਵਾਨਾਂ, ਵਿਦਿਆਰਥੀਆਂ ਅਤੇ ਕਲਾਕਾਰਾਂ ਨੇ ਮਿਲ ਕੇ ਅਮਨ ਦਾ ਦਿੱਤਾ ਹੋਕਾ
Saturday, Mar 02, 2019 - 03:57 AM (IST)
![ਨੌਜਵਾਨਾਂ, ਵਿਦਿਆਰਥੀਆਂ ਅਤੇ ਕਲਾਕਾਰਾਂ ਨੇ ਮਿਲ ਕੇ ਅਮਨ ਦਾ ਦਿੱਤਾ ਹੋਕਾ](https://static.jagbani.com/multimedia/03_57_26732281401moga68.jpg)
ਮੋਗਾ (ਗੋਪੀ ਰਾਊਕੇ)-ਭਾਰਤ ਪਾਕਿਸਤਾਨ ਦਰਮਿਆਨ ਬਣ ਰਹੇ ਜੰਗੀ ਮਾਹੌਲ ਖਿਲਾਫ ਇਥੇ ਸ਼ਹਿਰ ’ਚ ਦੇਰ ਸ਼ਾਮ ਨੌਜਵਾਨਾਂ, ਵਿਦਿਆਰਥੀਆਂ ਅਤੇ ਕਲਾਕਾਰਾਂ ਨੇ ਮਿਲ ਕੇ ਅਮਨ ਦਾ ਹੋਕਾ ਦਿੱਤਾ। ਮੌਜੂਦਾ ਜੰਗ ਭਡ਼ਕਾਊ ਅਤੇ ਸ਼ੋਰ-ਸ਼ਰਾਬੇ ਦੇ ਹੋ ਰਹੇ ਪ੍ਰਚਾਰ ਤੋਂ ਵੱਖਰਾ ਇਥੇ ਪ੍ਰਦਰਸ਼ਨਕਾਰੀਆਂ ਬਿਲਕੁੱਲ ਸ਼ਾਂਤਮਈ ਮਾਰਚ ਕੀਤਾ।ਇਸ ਮੌਕੇ ਨੌਜਵਾਨਾਂ, ਵਿਦਿਆਰਥੀਆਂ ਅਤੇ ਕਲਾਕਾਰਾਂ ਨੇ ਹੱਥਾਂ ’ਚ ਚੁੱਕੇ ਬੈਨਰਾਂ ਰਾਹੀਂ ਸੁਨੇਹਾ ਦਿੱਤਾ ਕਿ ਦੇਸ਼ ਦੇ ਲੋਕਾਂ ਦੁਆਰਾ ਰੁਜ਼ਗਾਰ, ਵਿੱਦਿਆ, ਕਰਜ਼ੇ ਅਤੇ ਖੁਦਕੁਸ਼ੀਆ ਦੇ ਖਾਤਮੇ ਦੀ ਮੰਗ ਦਾ ਜਵਾਬ, ਹੁਕਮਰਾਨ ਜੰਗ ਰਾਹੀਂ ਦੇਣਾ ਚਾਹੁੰਦੇ ਨੇ। ਉਨ੍ਹਾਂ ਕਿਹਾ ਕਿ ਸਰਕਾਰਾਂ ਜੰਗ ਦੀ ਬਜਾਏ ਫੌਜੀ ਜਵਾਨਾਂ ਅਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ। ਜੰਗਾਂ ਨਾਲ ਤਬਾਹੀ ਹੋਵੇਗੀ ਅਤੇ ਆਮ ਨਾਗਰਿਕਾਂ ਦਾ ਹੀ ਜਾਨੀ-ਮਾਲੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਖਾਤਮਾ ਹੋਣਾ ਚਾਹੀਦਾ ਹੈ, ਸਰਕਾਰਾਂ ਇਸਦੇ ਲਈ ਸਿਆਸੀ ਰੋਟੀਆਂ ਸੇਕਣ ਦੀ ਥਾਂ, ਸੁਹਿਰਦ ਯਤਨ ਕਰਨ। ਇਸ ਮੌਕੇ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸਰੀ, ਹਰਪ੍ਰੀਤ ਬਾਵਾ, ਜਗਵਿੰਦਰ ਕਾਕਾ, ਇਪਟਾ ਮੋਗਾ ਦੇ ਕਲਾਕਾਰ ਅਵਤਾਰ ਚਡ਼ਿੱਕ, ਰਮਨ ਗਿੱਲ, ਵੀਰਪਾਲ ਕੌਰ, ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਦੀ ਕਰਮਵੀਰ ਕੌਰ ਬੱਧਨੀ, ਮਨੀਸ਼ਾ ਮਹੇਸਰੀ, ਤਰਸੇਮ ਗਗਡ਼ਾ, ਸਬਰਾਜ ਢੁੱਡੀਕੇ, ਐਡਵੋਕੇਟ ਪਵਨਦੀਪ ਕੌਰ ਬੱਧਨੀ, ਗੁਰਪ੍ਰੀਤ ਭੱਟੀ ਅਤੇ ਪਵਿੱਤਰ ਸਿੰਘ ਆਦਿ ਹਾਜ਼ਰ ਸਨ।