ਪੇਸ਼ੀ ਭੁਗਤ ਕੇ ਆ ਰਹੇ ਨੌਜਵਾਨਾਂ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਮਚਿਆ ਚੀਕ ਚਿਹਾੜਾ
Friday, Feb 07, 2025 - 04:56 PM (IST)

ਮੋਗਾ (ਆਜ਼ਾਦ) : ਰੰਜਿਸ਼ ਕਾਰਣ ਹਥਿਆਰਬੰਦ ਲੜਕਿਆਂ ਵੱਲੋਂ ਬੁੱਕਣ ਵਾਲਾ ਰੋਡ ਮੋਗਾ ਨਿਵਾਸੀ ਪੁਨੀਤ ਢਿੱਲੋਂ ਅਤੇ ਉਸ ਦੇ ਸਾਥੀ ਸੁਖਵਿੰਦਰ ਸਿੰਘ ਉਰਫ ਤੋਤੀ ’ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਹਸਪਤਾਲ ਮੋਗਾ ਦਾਖਲ ਕਰਾਉਣਾ ਪਿਆ। ਇਸ ਸਬੰਧ ਵਿਚ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਕਥਿਤ ਮੁਲਜ਼ਮਾਂ ਕਾਕੂ, ਰਜਿਤ, ਆਸ਼ੂ, ਲਵਿਸ਼ ਅਤੇ ਇਕ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਛਪਾਲ ਸਿੰਘ ਨੇ ਦੱਸਿਆ ਕਿ ਪੁਨੀਤ ਢਿੱਲੋਂ ਨੇ ਕਿਹਾ ਕਿ ਉਹ ਆਪਣੇ ਮੋਟਰ ਸਾਈਕਲ ’ਤੇ ਆਪਣੇ ਦੋਸਤ ਸੁਖਵਿੰਦਰ ਸਿੰਘ ਉਰਫ ਤੋਤੀ ਨਿਵਾਸੀ ਇੰਦਰਾ ਕਾਲੋਨੀ ਮੋਗਾ ਨੂੰ ਨਾਲ ਲੈਕੇ ਪੇਸ਼ੀ ਭੁਗਤ ਕੇ ਕਰੀਬ 5 ਵਜੇ ਸ਼ਾਮ ਨੂੰ ਘਰ ਆ ਰਹੇ ਸੀ ਤਾਂ ਉਕਤ ਹਥਿਆਰਬੰਦ ਲੜਕਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ।
ਇਸ ਦੌਰਾਨ ਜਦੋਂ ਅਸੀਂ ਰੌਲਾ ਪਾਇਆ ਤਾਂ ਕਥਿਤ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਛਪਾਲ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਕਤ ਝਗੜਾ ਦੋਵਾਂ ਧਿਰਾਂ ਵਿਚਕਾਰ ਚੱਲਦੀ ਆ ਰਹੀ ਪੁਰਾਣੀ ਰੰਜਿਸ਼ ਕਾਰਣ ਹੋਇਆ ਦੱਸਿਆ ਜਾ ਰਿਹਾ ਹੈ।