ਮੋਦੀ ਸਿੱਖਾਂ ਨਾਲ ਦੋਸਤੀ ਨਿਭਾਉਣ ਲਈ ਰਾਜੀਵ ਗਾਂਧੀ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਉਣ

Thursday, Feb 01, 2018 - 07:14 AM (IST)

ਮੋਦੀ ਸਿੱਖਾਂ ਨਾਲ ਦੋਸਤੀ ਨਿਭਾਉਣ ਲਈ ਰਾਜੀਵ ਗਾਂਧੀ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਉਣ

ਫ਼ਤਿਹਗੜ੍ਹ ਸਾਹਿਬ (ਜਗਦੇਵ) - ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਡਾ. ਮਨਜੀਤ ਸਿੰਘ ਭੋਮਾ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਫੈਡਰੇਸ਼ਨ ਦੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਸਕੱਤਰ ਜਨਰਲ ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ, ਦੋ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਲੀਲ, ਹਰਵਿੰਦਰ ਸਿੰਘ ਬੱਬਲ, ਜਨਰਲ ਸਕੱਤਰ ਵਿਕਰਮ ਗੁਲਜ਼ਾਰ ਸਿੰਘ ਖੋਜਕੀਪੁਰ ਤੇ ਸੀਨੀਅਰ ਫੈਡਰੇਸ਼ਨ ਆਗੂ ਕੁਲਦੀਪ ਸਿੰਘ ਪ੍ਰਧਾਨ ਮਜੀਠਾ ਨੇ ਇਕ ਸਾਂਝੇ ਬਿਆਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਸਿੱਖ ਕਤਲੇਆਮ ਦੇ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਦੇ ਤਾਜ਼ਾ ਬਿਆਨ 'ਤੇ ਜਿਸ 'ਚ ਉਸ ਨੇ ਅਹਿਮ ਇੰਕਸ਼ਾਫ ਕੀਤਾ ਹੈ ਕਿ ਦਿੱਲੀ ਕਤਲੇਆਮ ਸਮੇਂ ਰਾਜੀਵ ਗਾਂਧੀ ਵੀ ਉਸ ਨਾਲ ਕਤਲੇਆਮ ਤੇ ਸਾੜ-ਫੂਕ ਕਰਨ ਵਾਲੇ ਇਲਾਕਿਆਂ 'ਚ ਉਸ ਨਾਲ ਕਾਰ ਵਿਚ ਘੁੰਮਿਆ ਸੀ, ਦੇ ਮੱਦੇਨਜ਼ਰ ਰਾਜੀਵ ਗਾਂਧੀ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਉਣ।  
 ਉਨ੍ਹਾਂ ਕਿਹਾ ਕਿ ਹੁਣ ਤਾਂ ਬਿੱਲੀ ਹੀ ਥੈਲਿਓਂ ਬਾਹਰ ਆ ਗਈ ਹੈ। ਇਸ ਲਈ ਹੁਣ ਕਿਸੇ ਸਬੂਤ ਦੀ ਲੋੜ ਬਾਕੀ ਨਹੀਂ ਰਹੀ। ਇਸ ਲਈ ਪ੍ਰਧਾਨ ਮੰਤਰੀ ਨੂੰ ਹੁਣ ਰਾਜੀਵ ਗਾਂਧੀ ਨੂੰ ਜਾਂਚ ਦੇ ਦਾਇਰੇ 'ਚ ਲਿਆ ਕੇ ਸੀ. ਬੀ. ਆਈ. ਤੋਂ ਜਾਂਚ ਕਰਵਾਈ ਜਾਵੇ ਤੇ ਰਾਜੀਵ ਗਾਂਧੀ ਵਿਰੁੱਧ ਐੱਫ. ਆਈ. ਆਰ. ਦਰਜ ਹੋਵੇ। ਸ਼੍ਰੀ ਰਾਜੀਵ ਗਾਂਧੀ ਨੂੰ ਮਿਲੇ ਸਭ ਐਵਾਰਡ ਤੁਰੰਤ ਵਾਪਸ ਲੈਣੇ ਚਾਹੀਦੇ ਹਨ, ਕਿਉਂਕਿ ਜਗਦੀਸ਼ ਟਾਈਟਲਰ ਨੇ ਰਾਜੀਵ ਗਾਂਧੀ ਦੇ ਉਸ ਬਿਆਨ 'ਤੇ ਮੋਹਰ ਲਗਾ ਦਿੱਤੀ ਹੈ, ਜਿਸ 'ਚ ਉਸ ਨੇ ਕਿਹਾ ਸੀ ਕਿ 'ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੀ ਹੈ'। ਉਨ੍ਹਾਂ ਕਿਹਾ ਕਿ ਹੁਣ ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਦੀ ਸਿੱਖਾਂ ਨਾਲ ਦੋਸਤੀ ਨਿਭਾਉਣ ਦੇ ਇਮਤਿਹਾਨ ਦੀ ਘੜੀ ਹੈ ਕਿ ਉਹ ਕਦੋਂ ਤੇ ਕਿੰਨੀ ਜਲਦੀ ਰਾਜੀਵ ਗਾਂਧੀ ਵਿਰੁੱਧ ਜਾਂਚ ਕਰਵਾ ਕੇ ਐੱਫ. ਆਈ. ਆਰ. ਦਰਜ ਕਰਵਾਉਂਦੇ ਹਨ ਅਤੇ ਉਸ ਨੂੰ ਮਿਲੇ ਐਵਾਰਡ ਵਾਪਸ ਲੈਂਦੇ ਹਨ।
 ਉਨ੍ਹਾਂ ਕਿਹਾ ਕਿ ਭਾਜਪਾ ਇਕੱਲੇ ਸਿੱਖ ਗੁਰੂਆਂ ਦੇ ਦਿਹਾੜੇ ਮਨਾ ਕੇ ਨਹੀਂ, ਸਿੱਖਾਂ ਦੇ ਮਸਲੇ ਹੱਲ ਕਰ ਕੇ ਤੇ ਸਿੱਖਾਂ ਨੂੰ ਇਨਸਾਫ ਦੇ ਕੇ ਹੀ ਉਨ੍ਹਾਂ ਦੇ ਦਿਲ ਜਿੱਤ ਸਕਦੀ ਹੈ ਕਿਉਂਕਿ ਹਰੇਕ ਦੋਸਤੀ 'ਚੋਂ ਪਾਸ ਹੋਣ ਲਈ ਇਮਤਿਹਾਨ ਦੀ ਘੜੀ 'ਚੋਂ ਗੁਜ਼ਰਨਾ ਪੈਂਦਾ ਹੈ। ਉਨ੍ਹਾਂ ਭਾਰਤੀ ਜਨਤਾ ਪਾਰਟੀ 'ਤੇ ਤਿੱਖਾ ਵਿਅੰਗ ਕੱਸਦਿਆਂ ਕਿਹਾ ਕਿ ਉਹ ਦਿੱਲੀ ਦੇ ਸਿੱਖ ਕਤਲੇਆਮ ਨੂੰ ਮੁੱਦਾ ਬਣਾਉਂਦਿਆਂ ਲੰਬੇ ਸਮੇਂ ਤੋਂ ਸਿੱਖਾਂ ਨੂੰ ਕਾਂਗਰਸ ਵਿਰੁੱਧ ਭੜਕਾ ਕੇ ਸਿੱਖਾਂ ਦੀਆਂ ਵੋਟਾਂ ਹਾਸਿਲ ਕਰਦੀ ਰਹੀ ਹੈ ਪਰ  ਕੇਂਦਰ 'ਚ ਸੱਤਾ 'ਤੇ ਕਾਬਜ਼ ਹੋਣ ਦੇ ਬਾਵਜੂਦ ਸਿੱਖਾਂ ਨੂੰ ਹਰੇਕ ਮਸਲੇ 'ਤੇ ਇਨਸਾਫ ਦੇਣ ਲਈ ਦੜ ਵੱਟੀ ਬੈਠੀ ਹੈ।


Related News