ਮੋਦੀ ਸਰਕਾਰ ਪੰਜਾਬ ’ਚ ਪੇਂਡੂ ਵਿਕਾਸ ਫੰਡ ਲਾਉਣ ਲਈ ਵਚਨਬੱਧ : ਚੁੱਘ

10/28/2020 10:25:47 PM

ਚੰਡੀਗੜ੍ਹ, (ਸ਼ਰਮਾ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ’ਤੇ ਕਿਸਾਨ ਅੰਦੋਲਨ ਦੀ ਆੜ ਹੇਠ ਪੰਜਾਬ ਵਿਚ ਅਰਬਨ ਨਕਸਲ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਭੇਜੇ ਗਏ ਪੇਂਡੂ ਵਿਕਾਸ ਫੰਡ ਨੂੰ ਇਧਰ-ਉਧਰ ਖਰਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੈਪਟਨ ਸਰਕਾਰ ਨੂੰ ਆਰ. ਡੀ. ਐੱਫ. ਦਾ ਹਿਸਾਬ ਲਾਉਣ ਲਈ ਕਹਿ ਰਹੀ ਹੈ ਅਤੇ ਪੈਸੇ ਖੁਦ ਪਿੰਡਾਂ ਵਿਚ ਲਾਉਣ ਲਈ ਵਚਨਬੱਧ ਹੈ, ਜਦਕਿ ਕਾਂਗਰਸ ਫੰਡਾਂ ਨੂੰ ਇਧਰ-ਉਧਰ ਘੁਮਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।

ਚੁਘ ਨੇ ਕੈਪਟਨ ਸਰਕਾਰ ’ਤੇ ਪੰਜਾਬ ਵਿਚ ਮੋਦੀ ਸਰਕਾਰ ਤੋਂ ਪ੍ਰਾਪਤ ਹੋਈ ਪੇਂਡੂ ਵਿਕਾਸ ਫੰਡਾਂ ਦੀ ਵੱਡੀ ਰਕਮ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਉਦਿਆਂ ਕਿਹਾ ਕਿ ਜਿਹੜਾ ਪੈਸਾ ਮੋਦੀ ਸਰਕਾਰ ਨੇ ਪਿੰਡ ਦੀਆਂ ਗਲੀਆਂ, ਨਾਲੀਆਂ, ਸੜਕਾਂ ਲਈ ਭੇਜਿਆ ਸੀ, ਉਸ ਦੀ ਵਰਤੋਂ ਕੈਪਟਨ ਸਰਕਾਰ ਆਪਣੇ ਸ਼ਾਹੀ ਖਰਚਿਆਂ ਨੂੰ ਪੂਰਾ ਕਰਨ ਲਈ ਕਰਦੀ ਹੈ।

ਚੁਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਵਪਾਰ ਪਹਿਲਾਂ ਹੀ ਡਗਮਗਾ ਚੁੱਕਾ ਹੈ। ਪੰਜਾਬ ਸਰਕਾਰ ਦੀਆਂ ਅਰਬਨ ਨਕਸਲ ਹਿਤੈਸ਼ੀ ਨੀਤੀਆਂ ਕਾਰਨ ਅਤੇ ਵੱਡੇ ਉਦਯੋਗਾਂ ਖਿਲਾਫ ਬਣ ਰਹੇ ਮਾਹੌਲ ਨਾਲ ਪੰਜਾਬ ਵਿਚ ਨਵੀਆਂ ਸਨਅਤਾਂ ਆਪਣੇ ਇਰਾਦਿਆਂ ਨੂੰ ਬਦਲਣ ਲਈ ਮਜ਼ਬੂਰ ਹੋ ਰਹੀਆਂ ਹਨ। ਕੇਂਦਰ ਸਰਕਾਰ ਰੇਲ ਗੱਡੀਆਂ ਚਲਾਉਣਾ ਚਾਹੁੰਦੀ ਹੈ। 200 ਰੇਲ ਗੱਡੀਆਂ ਖੜ੍ਹੀਆਂ ਹਨ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੁਰੱਖਿਆ ਦਾ ਭਰੋਸਾ ਕਿਉਂ ਨਹੀਂ ਦੇ ਰਹੀ? ਰੇਲਵੇ ਚਾਲਕ ਅਤੇ ਗਾਰਡ ਸੂਬਾ ਸਰਕਾਰ ਦੇ ਲਿਖਤੀ ਭਰੋਸੇ ਤੋਂ ਬਿਨਾ ਰੇਲ ਗੱਡੀਆਂ ਚਲਾਉਣ ਲਈ ਤਿਆਰ ਨਹੀਂ ਹਨ। ਚੁੱਘ ਨੇ ਕਿਹਾ ਕਿ ਜੋ ਉਦਯੋਗ ਪੰਜਾਬ ਵਿਚ ਕਾਰੋਬਾਰ ਕਰ ਰਹੇ ਹਨ, ਉਹ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਾਰੋਬਾਰ ਬੰਦ ਹੋਣ ਕਾਰਨ ਰੋਜਾਨਾ 1500 ਕਰੋੜ ਦਾ ਘਾਟਾ ਸਹਿਣ ਲਈ ਮਜ਼ਬੂਰ ਹਨ।


Bharat Thapa

Content Editor

Related News