ਕਿਸਾਨ ਅੰਦੋਲਨ ''ਚ ਕਈ ਕਿਸਾਨਾਂ ਦੀ ਮੌਤ ਦੇ ਬਾਵਜੂਦ ਨਹੀਂ ਟੁੱਟਿਆ ਮੋਦੀ ਸਰਕਾਰ ਦਾ ਹੰਕਾਰ: ਸਿੰਗਲਾ
Tuesday, Dec 29, 2020 - 08:50 PM (IST)
ਜਲੰਧਰ, (ਚੋਪੜਾ)– ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਵਿਚ ਕਈ ਕਿਸਾਨਾਂ ਦੀ ਮੌਤ ਦੇ ਬਾਵਜੂਦ ਮੋਦੀ ਸਰਕਾਰ ਦੀ ਜ਼ਿੱਦ ਅਤੇ ਹੰਕਾਰ ਅਜੇ ਤੱਕ ਨਹੀਂ ਟੁੱਟਿਆ। ਉਕਤ ਸ਼ਬਦ ਪੰਜਾਬ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਹੇ।
ਸਿੰਗਲਾ ਨੇ ਕਾਂਗਰਸ ’ਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਸਬੰਧੀ ਭਾਜਪਾ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਨੇ ਹਮੇਸ਼ਾ ਪੂਰੀ ਸਖ਼ਤੀ ਨਾਲ ਅਮਨ-ਕਾਨੂੰਨ ਨੂੰ ਬਹਾਲ ਰੱਖਿਆ ਹੈ ਅਤੇ ਸਰਕਾਰ ਇਸ ਸਬੰਧੀ ਲੋੜੀਂਦਾ ਹਰੇਕ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀ ਘਟੀਆ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਵਿਚ ਪਿਛਲੇ 4 ਮਹੀਨਿਆਂ ਤੋਂ ਕਿਸਾਨ ਅੰਦੋਲਨ ਪੂਰੇ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਪਰ ਜਦੋਂ ਭਾਜਪਾ ਆਗੂ ਕੋਈ ਭੜਕਾਊ ਬਿਆਨਬਾਜ਼ੀ ਕਰਦੇ ਹਨ ਤਾਂ ਉਸ ਨਾਲ ਲੋਕਾਂ ਨੂੰ ਤਕਲੀਫ ਹੁੰਦੀ ਹੈ।
ਭਾਜਪਾ ਆਗੂ ਕਿਸਾਨਾਂ ਦੇ ਅੰਦੋਲਨ ਵਿਚ ਕਦੇ ਸਮਾਜ ਵਿਰੋਧੀ ਤਾਕਤਾਂ ਦੇ ਸ਼ਾਮਲ ਹੋਣ ਅਤੇ ਕਦੇ ਅੱਤਵਾਦੀ ਆਉਣ ਵਰਗੀ ਬੇਤੁਕੀ ਬਿਆਨਬਾਜ਼ੀ ਕਰ ਕੇ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਹਨ ਪਰ ਹੁਣ ਕਿਸਾਨ ਅਤੇ ਪੰਜਾਬੀ ਹੀ ਨਹੀਂ, ਸਗੋਂ ਪੂਰਾ ਦੇਸ਼ ਭਾਜਪਾ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਹੈ। ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਦਿਆਂ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਕਿਉਂਕਿ ਇਹ ਮਸਲਾ ਕਿਸਾਨਾਂ ਦਾ ਹੀ ਨਹੀਂ, ਸਗੋਂ ਮਜ਼ਦੂਰਾਂ, ਆੜ੍ਹਤੀਆਂ, ਵਪਾਰੀਆਂ ਸਮੇਤ ਹਰੇਕ ਵਰਗ ਦਾ ਹੈ, ਜਿਹੜਾ ਕਿ ਸੂਬੇ ਅਤੇ ਦੇਸ਼ ਦੀ ਆਰਥਿਕਤਾ ਵਿਚ ਵੱਡਾ ਯੋਗਦਾਨ ਪਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਬੱਚਿਆਂ ਦੇ ਰੌਸ਼ਨ ਭਵਿੱਖ ਨੂੰ ਦੇਖਦਿਆਂ ਜੇਕਰ ਅਸੀਂ ਆਨਲਾਈਨ ਟਰਾਂਸਫਰ ਪਾਲਿਸੀ ਨਾ ਲਿਆਉਂਦੇ ਤਾਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਦਾ 15 ਫੀਸਦੀ ਇਜ਼ਾਫਾ ਨਾ ਹੁੰਦਾ। ਹੁਣ ਹਰੇਕ ਜਮਾਤ ਦੇ ਬੱਚਿਆਂ ਦੇ ਰਿਜ਼ਲਟ ਦੇ ਆਧਾਰ ’ਤੇ ਅਧਿਆਪਕਾਂ ਦੀ ਪਰਫਾਰਮੈਂਸ ਬਣਦੀ ਹੈ ਅਤੇ ਉਸੇ ਪਰਫਾਰਮੈਂਸ ਦੇ ਆਧਾਰ ’ਤੇ ਆਨਲਾਈਨ ਤਰੀਕੇ ਨਾਲ ਤਬਾਦਲਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਪੰਜਾਬ ਵਿਚ 3.50 ਲੱਖ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿਚ ਦਾਖਲਾ ਲਿਆ ਹੈ, ਜਿਹੜਾ ਕਿ ਸਾਬਿਤ ਕਰਦਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਪੱਧਰ ਹੁਣ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਰਿਹਾ।