ਮੀਡੀਆ ਅਤੇ ਸੁਪਰੀਮ ਕੋਰਟ ’ਤੇ ਦਬਾਅ ਬਣਾ ਰਹੀ ਹੈ ਮੋਦੀ ਸਰਕਾਰ : ਰਾਹੁਲ
Tuesday, Dec 11, 2018 - 07:34 AM (IST)
ਮੋਹਾਲੀ, (ਨਿਆਮੀਆਂ)- ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਜਨਤਾ ਵਲੋਂ ਭਾਜਪਾ ਦੀ ਕੇਂਦਰ ਸਰਕਾਰ ਨੂੰ ਚਲਦਾ ਕੀਤਾ ਜਾਵੇਗਾ ਕਿਉਂਕਿ ਅੱਜ ਸਮੁੱਚੇ ਦੇਸ਼ ਦਾ ਹਰ ਵਰਗ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੈ ਅਤੇ ਦੇਸ਼ ਵਿਚ ਕਿਰਸਾਨੀ ਦੀ ਮੰਦਹਾਲੀ ਦੇ ਨਾਲ-ਨਾਲ ਬੇਰੁਜ਼ਗਾਰੀ ਵੀ ਵਧਦੀ ਜਾ ਰਹੀ ਹੈ। ਦੇਸ਼ ਵਿਚ ਭ੍ਰਿਸ਼ਟਾਚਾਰ ਸਿਖਰਾਂ ’ਤੇ ਹੈ। ਇਹ ਗੱਲ ਅੱਜ ਇਥੇ ਬਹੁ-ਮੰਤਵੀ ਖੇਡ ਸਟੇਡੀਅਮ ਸੈਕਟਰ-78 ਵਿਖੇ ‘ਨਵਜੀਵਨ’ ਅਖ਼ਬਾਰ ਨੂੰ ਮੁਡ਼ ਸ਼ੁਰੂ ਕਰਨ ਮੌਕੇ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਆਖੀ। ਉਨ੍ਹਾਂ ਦੇ ਨਾਲ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਹਾਜ਼ਰ ਸਨ।
ਉਨ੍ਹਾਂ ਇਸ ਮੌਕੇ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਮੀਡੀਆ ਤੇ ਸੁਪਰੀਮ ਕੋਰਟ ਸਮੇਤ ਦੇਸ਼ ਦੇ ਸਾਰੇ ਅਦਾਰਿਆਂ ’ਤੇ ਆਪਣਾ ਦਬਾਅ ਬਣਾਇਆ ਹੋਇਆ ਹੈ ਤੇ ਉਨ੍ਹਾਂ ਦੇ ਕੰਮਕਾਜ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਕਿਸਾਨ ਵੀ ਅੱਜ ਸਰਕਾਰ ਦੀਆਂ ਮਾਡ਼ੀਆਂ ਨੀਤੀਆਂ ਦਾ ਸ਼ਿਕਾਰ ਹੋ ਕੇ ਮੰਦਹਾਲੀ ਦੇ ਦੌਰ ਵਿੱਚੋਂ ਲੰਘ ਰਹੇ ਹਨ। ਨੌਜਵਾਨ ਵਰਗ ਬੇਰੁਜ਼ਗਾਰੀ ਕਾਰਨ ਨਿਰਾਸ਼ ਹੈ, ਜਿਸ ਕਾਰਨ ਭਾਜਪਾ ਪ੍ਰਤੀ ਨੌਜਵਾਨਾਂ ਤੇ ਲੋਕਾਂ ਦਾ ਗੁੱਸਾ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਿੰਨਾ ਮਰਜ਼ੀ ਝੂਠ ਦਾ ਪ੍ਰਚਾਰ ਕਰੇ ਪਰ ਲੋਕ ਸੱਚਾਈ ਤੋਂ ਵਾਕਫ ਹਨ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਾਂਗਰਸ ਦੀ ਸਰਕਾਰ ਬਣਨ ’ਤੇ ਦੇਸ਼ ਦੇ ਕਿਸਾਨਾਂ ਤੇ ਨੌਜਵਾਨਾਂ ਵੱਲ ਖਾਸ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਦੌਰਾਨ ਭਾਜਪਾ ਦੀਆਂ ਨੀਤੀਆਂ ਕਾਰਨ ਦੇਸ਼ ਦੇ ਇਤਿਹਾਸ ਨੂੰ ਵਿਗਾਡ਼ਿਆ ਜਾ ਰਿਹਾ ਹੈ ਅਤੇ ਉਸ ਦੀਅਾਂ ਇਹ ਨੀਤੀਅਾਂ ਦੇਸ਼ ਦੀ ਆਜ਼ਾਦੀ ਲਈ ਖ਼ਤਰਾ ਬਣ ਗਈਅਾਂ ਹਨ। ਉਨ੍ਹਾਂ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਦੀਆਂ ਮਾਡ਼ੀਆਂ ਨੀਤੀਆਂ ਨੂੰ ਸਮਝਣ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖਡ਼ ਨੇ ਆਜ਼ਾਦੀ ਤੋਂ ਬਾਅਦ 71 ਸਾਲ ਦੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ ਕਿ ਸੰਸਦ ਵਿਚ ਪ੍ਰਧਾਨ ਮੰਤਰੀ ਵਲੋਂ ਬੋਲੇ ਗਏ ਇਕ ਵੀ ਸ਼ਬਦ ਨੂੰ ਕਾਰਵਾਈ ਵਿਚੋਂ ਕੱਢਣਾ ਪਿਆ ਹੋਵੇ ਪਰ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਮਾੜੀ ਭਾਸ਼ਾ ਦੀ ਵਰਤੋਂ ਸੰਸਦ ਵਿਚ ਕਰਦੇ ਹਨ ਤਾਂ ਇਸ ਨੂੰ ਕਾਰਵਾਈ ’ਚੋਂ ਕੱਢਣਾ ਪੈਂਦਾ ਹੈ। ਅੱਜ ਦੇਸ਼ ਨੂੰ ਧਰਮ ਦੇ ਨਾਂ ’ਤੇ ਖੰਡਿਤ ਕੀਤਾ ਜਾ ਰਿਹਾ ਹੈ ਅਤੇ ਭਗਵਾਨ ਦੀ ਜਾਤ ਦੱਸੀ ਜਾ ਰਹੀ ਹੈ। ਇਸ ਮੌਕੇ ਸਾਰਿਆਂ ਦਾ ਸਵਾਗਤ ਮੋਤੀ ਲਾਲ ਵੋਹਰਾ ਨੇ ਕੀਤਾ। ਇਸ ਮੌਕੇ ਮੰਚ ਸੰਚਾਲਨ ਸਤਿੰਦਰ ਸੱਤੀ ਨੇ ਕੀਤਾ। ਇਸ ਮੌਕੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਚੌਧਰੀ ਹਰੀਸ਼ ਮ੍ਰਿਣਾਲ ਪਾਂਡੇ, ਜਫਰ ਆਗਾ, ਸੋਨਮ ਕਾਲਡ਼ਾ ਆਦਿ ਮੌਜੂਦ ਸਨ।
