ਮੋਦੀ ਸਰਕਾਰ 3 ਸਾਲਾਂ ਤੋਂ ਵਿਕਾਸ ਕਰ ਰਹੀ ਹੈ: ਸ਼ੇਖਾਵਤ
Tuesday, Jun 13, 2017 - 01:35 PM (IST)
ਬਾਘਾਪੁਰਾਣਾ(ਰਾਕੇਸ਼)— ਮੈਂਬਰ ਪਾਰਲੀਮੈਂਟ ਗੁਜਿੰਦਰ ਸਿੰਘ ਸ਼ੇਖਾਵਤ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੀ ਉੱਨਤੀ ਅਤੇ ਖੁਸ਼ਹਾਲੀ ਲਈ ਮੋਦੀ ਸਰਕਾਰ ਪਿਛਲੇ 3 ਸਾਲਾਂ ਤੋਂ ਤਨ ਮਨ ਨਾਲ ਕੰਮ ਕਰਨ 'ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਕ ਲੰਬਾ ਸਮਾਂ ਕਾਂਗਰਸ ਨੇ ਰਾਜ ਕੀਤਾ ਪਰ ਇਨ੍ਹਾਂ ਨੇ ਹਰ ਪੱਖੋਂ ਦੇਸ਼ ਨੂੰ ਜਿੱਥੇ ਕਮਜ਼ੋਰ ਕੀਤਾ, ਉੱਥੇ ਹੀ ਭ੍ਰਿਸ਼ਟਾਚਾਰੀਆਂ ਨੇ ਡੂੰਘੇ ਪੈਰ ਪਸਾਰ ਲਏ ਸਨ। ਇਸ ਮੌਕੇ ਵਿਜੇ ਸ਼ਰਮਾ ਅਤੇ ਸੁਖਨੰਦਨ ਅਗਰਵਾਲ ਨੇ ਸ਼ੇਖਾਵਤ ਦਾ ਆਪਣੇ ਗ੍ਰਹਿ ਵਿਖੇ ਸਵਾਗਤ ਕੀਤਾ। ਇਸ ਦੌਰਾਨ ਜਥੇਦਾਰ ਤੀਰਥ ਸਿੰਘ ਮਾਹਲਾ, ਅਨਿਲ ਬਾਂਸਲ ਮੋਗਾ, ਜ਼ਿਲਾ ਪ੍ਰਧਾਨ ਤਰਲੋਚਨ ਸਿੰਘ ਗਿੱਲ, ਰਾਕੇਸ਼ ਸ਼ਰਮਾ, ਵਿਨੇ ਸ਼ਰਮਾ, ਮੁਨੀਸ਼, ਸੰਦੀਪ ਬੰਟੂ, ਅਰੁਣ ਬਾਂਸਲ ਆਦਿ ਆਗੂ ਮੌਜੂਦ ਸਨ।
ਮੈਂਬਰ ਪਾਰਲੀਮੈਂਟ ਸ਼ੇਖਾਵਤ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ 'ਚੋਂ ਭ੍ਰਿਸ਼ਟਾਚਾਰ, ਮੁਨਾਫਾਖੋਰੀ, ਮਿਲਾਵਟਖੋਰੀ ਨੂੰ ਜੜ੍ਹੋਂ ਪੁੱਟਣ ਲਈ ਜੋ ਕਦਮ ਚੁੱਕੇ ਹਨ, ਉਸ ਨਾਲ ਦੇਸ਼ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਉਹ ਭ੍ਰਿਸ਼ਟ ਲੋਕ ਜ਼ਰੂਰ ਜੇਲਾਂ 'ਚ ਜਾਣਗੇ, ਜਿਨ੍ਹਾਂ ਨੇ ਲੋਕਾਂ ਦੀ ਅੰਨ੍ਹੀ ਲੁੱਟ ਕਰ ਕੇ ਦੇਸ਼-ਵਿਦੇਸ਼ਾਂ 'ਚ ਤਿਜੌਰੀਆਂ ਭਰੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੀਆਂ ਔਰਤਾਂ ਲਈ ਜਿੱਥੇ ਉਜਵਲਾ ਯੋਜਨਾ ਸਕੀਮ ਸ਼ੁਰੂ ਕੀਤੀ ਹੈ, ਉੱਥੇ ਹੀ ਸਵੱਛ ਭਾਰਤ ਅਭਿਆਨ ਚਲਾ ਕੇ ਦੇਸ਼ ਨੂੰ ਗੰਦਗੀ ਤੋਂ ਮੁਕਤ ਕਰਨ ਲਈ ਘਰ-ਘਰ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਨਸ਼ਿਆਂ, ਭਰੂਣ ਹੱਤਿਆ ਖਿਲਾਫ ਸਖਤੀ ਨਾਲ ਸ਼ਿਕੰਜਾ ਕੱਸਿਆ। ਹੁਣ ਦੇਸ਼ ਵਿਕਾਸ ਵੱਲ ਵਧ ਰਿਹਾ ਹੈ ਅਤੇ ਹਰ ਪਰਿਵਾਰ ਤੱਕ ਸਰਕਾਰ ਦੀਆਂ ਸਕੀਮਾਂ ਪਹੁੰਚਣੀਆਂ ਸ਼ੁਰੂ ਹੋਈਆਂ ਹਨ ਭਾਵੇਂ ਅਜੇ ਭਾਜਪਾ ਦੀ ਸਰਕਾਰ ਸੱਤਾ 'ਚ ਆਇਆਂ ਨੂੰ ਬਹੁਤ ਥੋੜ੍ਹਾ ਸਮਾਂ ਹੋਇਆ ਹੈ ਪਰ ਸਰਕਾਰ ਨੇ ਫਿਰ ਵੀ ਅਹਿਮ ਪ੍ਰਾਪਤੀਆਂ ਕੀਤੀਆਂ ਹਨ।
