ਭਾਜਪਾ ਤੇ ਉਸਦੇ ਸਾਥੀਆਂ ਨੂੰ ਲੈ ਬੈਠੇਗੀ ਮੋਦੀ ਦੀ ਜਿੱਦ : ਅਰੋੜਾ

Monday, Sep 06, 2021 - 01:09 AM (IST)

ਚੰਡੀਗੜ੍ਹ(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਐਤਵਾਰ ਨੂੰ ਮੁਜੱਫਰਨਗਰ ਵਿਖੇ ਆਯੋਜਿਤ ਕਿਸਾਨ ਮਹਾਪੰਚਾਇਤ ਦੀ ਸਫ਼ਲਤਾ ’ਤੇ ਅੰਦੋਲਨਕਾਰੀ ਕਿਸਾਨਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇਸ ਮਹਾਪੰਚਾਇਤ ਦਾ ਸੁਨੇਹਾ ਕੇਂਦਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ। ਜੇ ਅਜੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਲੇ ਖੇਤੀ ਕਨੂੰਨਾਂ ਬਾਰੇ ਜਿੱਦ ਨਾ ਛੱਡੀ ਤਾਂ ਇਸਦੀ ਕੀਮਤ ਭਾਜਪਾ ਸਮੇਤ ਭਾਈਵਾਲ ਸਾਰੀਆਂ ਸਿਆਸੀ ਧਿਰਾਂ ਨੂੰ ਚੁਕਾਉਣੀ ਪਵੇਗੀ।

ਇਹ ਵੀ ਪੜ੍ਹੋ : ਜੇਕਰ ਖੇਤੀ ਕਾਨੂੰਨ ਇਕ ਸਾਜ਼ਿਸ਼ ਹੈ ਤਾਂ ਅਮਰਿੰਦਰ ਸਿੱਧ ਕਰੇ ਜਾਂ ਮੁਆਫੀ ਮੰਗੇ : ਅਮਨਜੋਤ ਰਾਮੂਵਾਲੀਆ
ਸੁਨਾਮ ਤੋਂ ‘ਆਪ’ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਮੁਜ਼ੱਫ਼ਰਨਗਰ ਕਿਸਾਨ ਮਹਾ ਪੰਚਾਇਤ ਨੇ ਦੇਸ਼ ਵਾਸੀਆਂ ਦੇ ਨਾਲ-ਨਾਲ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਕਈ ਸੁਨੇਹੇ ਬੜੀ ਸਪੱਸ਼ਟਤਾ ਨਾਲ ਦਿੱਤੇ ਹਨ, ਜਿਨਾਂ ਦੇ ਸਮਾਜ ਅਤੇ ਸਿਆਸਤ ਵਿਚ ਡੂੰਘੇ ਅਤੇ ਦੂਰਗਾਮੀ ਪ੍ਰਭਾਵ ਪੈਣਗੇ। ਅਮਨ ਅਰੋੜਾ ਨੇ ਕਿਹਾ ਕਿ ਜਿਸ ਮੁਜ਼ੱਫ਼ਰਪੁਰ ਨੂੰ ਸੌੜੀ ਸੋਚ ਵਾਲੀਆਂ ਸਿਆਸੀ ਧਿਰਾਂ ਫਿਰਕਾਪ੍ਰਸਤੀ ਲਈ ਵਰਤ ਕੇ ਵੋਟਾਂ ਬਟੋਰਦੀਆਂ ਰਹੀਆਂ ਹਨ, ਅੱਜ ਉਸੇ ਮੁਜ਼ੱਫ਼ਰਪੁਰ ਦੀ ਜ਼ਮੀਨ ਨੇ ਭਾਈਚਾਰਕ ਏਕਤਾ ਦਾ ਬੇਮਿਸਾਲ ਸੁਨੇਹਾ ਦੇ ਕੇ ਫਿਰਕੂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਇਸ ਲਈ ਸਿਰਮੌਰ ਕਿਸਾਨ ਆਗੂ ਰਾਕੇਸ਼ ਟਿਕੈਤ ਸਮੇਤ ਸਮੁੱਚਾ ਕਿਸਾਨ ਮੋਰਚਾ, ਕਿਸਾਨ-ਖੇਤ ਮਜਦੂਰ ਅਤੇ ਅੰਨਦਾਤਾ ਲਈ ਖੈਰ ਮੰਗਣ ਵਾਲਾ ਹਰੇਕ ਦੇਸ਼ਵਾਸੀ ਵਧਾਈ ਦਾ ਪਾਤਰ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਕਾਨੂੰਨ-ਵਿਵਸਥਾ ਨਾਂ ਦੀ ਕੋਈ ਚੀਜ ਨਹੀਂ, ਅਗਵਾ ਕਰਕੇ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਸਿਖਰ ’ਤੇ : ਚੀਮਾ

ਅਮਨ ਅਰੋੜਾ ਨੇ ਕਿਹਾ ਕਿ ਅੱਜ ਦੇਸ਼ ਨੂੰ ਸਮਾਜਿਕ ਧਾਰਮਿਕ ਅਤੇ ਭਾਈਚਾਰਕ ਸਾਂਝ ਰਾਹੀਂ ਜੋੜਨ ਵਾਲੀਆਂ ਤਾਕਤਾਂ ਦੀ ਜ਼ਰੂਰਤ ਹੈ। ਆਪਣੀ ਹੋਂਦ ਲਈ 9 ਮਹੀਨਿਆਂ ਤੋਂ ਜਾਰੀ ਕਿਸਾਨ ਅੰਦੋਲਨ ਭਾਈਚਾਰਕ ਸਾਂਝ ਅਤੇ ਏਕਤਾ ਦੀ ਤਾਕਤ ਦਾ ਜਬਰਦਸਤ ਮੁਜਾਹਰਾ ਕੀਤਾ ਹੈ।ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਸਮੁੱਚੀ ਭਾਜਪਾ ਨੂੰ ਖੇਤੀ ਵਿਰੋਧੀ ਸਾਰੇ ਕਾਲੇ ਕਾਨੂੰਨ ਵਾਪਸ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਭਾਜਪਾ ਹੀ ਨਹੀਂ ਇਸ ਦੇ ਸਿਆਸੀ ਭਾਈਵਾਲਾਂ ਨੂੰ ਵੀ ਭਾਰੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਖੇਤੀ ਵਿਰੋਧੀ ਆਰਡੀਨੈਂਸਾਂ ਤੋਂ ਲੈ ਕੇ ਕਾਲੇ ਕਾਨੂੰਨਾਂ ਦਾ ਸੰਸਦ ਦੇ ਅੰਦਰ ਅਤੇ ਬਾਹਰ ਸ਼ੁਰੂ ਤੋਂ ਵਿਰੋਧ ਕੀਤਾ ਹੈ। ਕਿਸਾਨ ਅੰਦੋਲਨ ਦਾ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਨਿਰਸਵਾਰਥ ਸਾਥ ਦਿੱਤਾ ਹੈ, ਜੋ ਭਵਿੱਖ ਵਿੱਚ ਵੀ ਜਾਰੀ ਰਹੇਗਾ।


Bharat Thapa

Content Editor

Related News