ਫਰੀਦਕੋਟ ਦੀ ਮਾਡਰਨ ਜੇਲ ’ਚ ਕੈਦੀਆਂ ਦਾ ਹੋਇਆ ਡੋਪ ਟੈਸਟ, 2333 ’ਚੋਂ 1064 ਆਏ ਪਾਜ਼ੇਟਿਵ
Friday, Aug 05, 2022 - 02:04 PM (IST)
ਫਰੀਦਕੋਟ (ਜਗਤਾਰ) : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੇਲਾਂ ’ਚ ਬੰਦ ਕੈਦੀਆਂ ਅਤੇ ਹਵਾਲਾਤੀਆ ਦੇ ਡੋਪ ਡੈਸਟ ਕੀਤੇ ਜਾ ਰਹੇ ਹਨ। ਇਸ ਦੇ ਚੱਲਦੇ ਸਿਹਤ ਵਿਭਾਗ ਫ਼ਰੀਦਕੋਟ ਵੱਲੋਂ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ’ਚ ਦੋ ਦਿਨਾਂ ’ਚ ਲਗਭਗ 2333 ਕੈਦੀਆਂ ਅਤੇ ਹਵਾਲਾਤੀਆ ਦੇ ਡੋਪ ਟੈਸਟ ਕਰਵਾਏ ਗਏ, ਜਿਨ੍ਹਾਂ ਵਿਚੋਂ 1064 ਕੈਦੀ ਪਾਜ਼ੇਟਿਵ ਪਾਏ ਗਏ ਅਤੇ 1269 ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਜਾਣਕਰੀ ਅਨੁਸਾਰ ਡਰੱਗ ਪਾਜ਼ੇਟਿਵ ਪਾਏ ਜਾਣ ਵਾਲੇ 721 ਦੇ ਕਰੀਬ ਕੈਦੀ ਅਤੇ ਹਵਾਲਾਤੀ ਉਹ ਹਨ ਜਿਹੜੇ ਨਸ਼ਾ ਛੱਡਣ, ਦਰਦ ਜਾਂ ਹੋਰ ਕਿਸੇ ਬਿਮਾਰੀ ਲਈ ਦਵਾਈ ਖਾ ਰਹੇ ਸਨ, ਜਿਨ੍ਹਾਂ ਦਾ ਇਲਾਜ ਜੇਲ੍ਹ ਵਿਚ ਹੀ ਚੱਲ ਰਿਹਾ ਹੈ। ਉਥੋਂ ਹੀ ਕਲੀਨਿਕ ਵਿਚੋਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਜਦਕਿ ਜੇਲ੍ਹ ਪ੍ਰਸ਼ਾਸਨ ਹੁਣ ਇਨ੍ਹਾਂ ਦੀ ਕਾਊਂਸਲਿੰਗ ਤੋਂ ਬਾਅਦ ਮੁੜ ਜਾਂਚ ਕਰਵਾਏਗਾ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਠੀਕ ਹੋਣ ਲਈ ਜੇਲ੍ਹ ’ਚ ਹੀ ਸਿਹਤ ਵਿਭਾਗ ਦਵਾਈਆਂ ਸ਼ੁਰੂ ਕਰਵਾਏਗਾ ਅਤੇ ਇਨ੍ਹਾਂ ਨੂੰ ਸਿਹਤਮੰਦ ਕਰੇਗਾ।
ਇਸ ਬਾਰੇ ਜਣਕਾਰੀ ਦਿੰਦੇ ਹੋਏ ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਆਈ. ਜੀ. ਵੱਲੋਂ ਦੋ ਦਿਨ ਲਈ ਪੂਰੇ ਪੰਜਾਬ ’ਚ ਮੁਹਿੰਮ ਚਲਾਈ ਹੈ ਕਿ ਜੇਲ੍ਹਾਂ ’ਚ ਬੰਦ ਹਵਾਲਾਤੀਆ ਤੇ ਕੈਦੀਆਂ ਦੇ ਡੋਪ ਟੈਸਟ ਕਰਵਾਏ ਜਾਣ। ਜਿਸਦੇ ਚੱਲਦੇ ਫਰੀਦਕੋਟ ਜੇਲ੍ਹ ਵਿਚ ਇਸ ਦੋ ਦਿਨਾਂ ਮੁਹਿੰਮ ਦੌਰਾਨ ਕੁੱਲ 2333 ਕੈਦੀਆਂ ਦਾ ਡੋਪ ਟੈਸਟ ਕੀਤਾ ਗਿਆ। ਦੋ ਦਿਨਾਂ ਵਿਚ ਕੀਤੇ ਗਏ ਡੋਪ ਟੈਸਟਾਂ ਦੀ ਰਿਪੋਰਟ ਆਉਣ ’ਤੇ ਇਨ੍ਹਾਂ ਵਿਚੋਂ 1064 ਸੈਂਪਲ ਪਾਜ਼ੇਟਿਵ ਪਾਏ ਗਏ ਅਤੇ 1269 ਦੇ ਨੈਗੇਟਿਵ ਆਏ। ਉਨ੍ਹਾਂ ਨਾਲ ਹੀ ਦੱਸਿਆ ਕਿ ਜੋ ਪਾਜ਼ੇਟਿਵ ਆਏ ਹਨ, ਉਨ੍ਹਾਂ ’ਚ 721 ਨਸ਼ਾ ਛੱਡਣ ਲਈ ਓਟ ਸੈਂਟਰਾਂ ਵਿਚ ਦਿੱਤੀਆਂ ਜਾ ਰਹੀਆਂ ਬੂਪ੍ਰੇਨੋਰਫਾਈਨ ਗੋਲੀਆਂ, ਦਰਦ ਨਿਵਾਰਕ ਦਵਾਈਆਂ, ਟਰਾਮਾਡੋਲ ਆਦਿ ਦੇ ਆਦੀ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਨਸ਼ਾ ਛੱਡਣ ਵਾਲੇ ਕੁੱਲ 725 ਦੇ ਕਰੀਬ ਲੋਕ ਹਨ, ਜਿਨ੍ਹਾਂ ਵਿਚੋਂ 4 ਟੈਸਟ ਕਰਵਾਉਣ ਲਈ ਹਾਜ਼ਿਰ ਨਹੀਂ ਹੋਏ, ਇਸ ਲਈ 721 ਦੀ ਰਿਪੋਰਟ ਪਾਜ਼ੇਟਿਵ ਆਈ ਹੈ ਸਰਕਾਰ ਕੈਦੀਆਂ ਦੀ ਸਿਹਤ ਠੀਕ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।