ਮੋਬਾਇਲ ਖੋਹਣ ਆਏ ਲੁਟੇਰਿਆਂ ਨੇ ਵੱਢਿਆ ਵਿਅਕਤੀ ਦਾ ਗਲਾ
Tuesday, Jun 11, 2019 - 04:16 PM (IST)
ਲੁਧਿਆਣਾ : ਇੱਥੇ ਸਲੇਮ ਟਾਬਰੀ ਇਲਾਕੇ 'ਚ ਵਿਅਕਤੀ ਕੋਲੋਂ ਮੋਬਾਇਲ ਖੋਹਣ ਆਏ ਲੁਟੇਰਿਆਂ ਨੇ ਉਸ ਦਾ ਗਲਾ ਵੱਢ ਦਿੱਤਾ ਅਤੇ ਫੋਨ ਲੈ ਕੇ ਫਰਾਰ ਹੋ ਗਏ। ਇਸ ਘਟਨਾ ਦੌਰਾਨ ਗੰਭੀਰ ਰੂਪ 'ਚ ਜ਼ਖਮੀਂ ਹੋਏ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਵਿਸ਼ਨੂੰ ਸਬਜ਼ੀ ਮੰਡੀ 'ਚ ਪੱਲੇਦਾਰੀ ਦਾ ਕੰਮ ਕਰਦਾ ਸੀ ਅਤੇ ਨੇੜੇ ਹੀ ਕਿਰਾਏ ਦੇ ਕਮਰੇ 'ਚ ਰਹਿੰਦਾ ਸੀ।
ਜਦੋਂ ਉਹ ਰਾਤ ਨੂੰ ਰੋਟੀ ਖਾਣ ਤੋਂ ਬਾਅਦ 10 ਵਜੇ ਦੇ ਕਰੀਬ ਮਕਾਨ ਦੇ ਬਾਹਰ ਸੜਕ 'ਤੇ ਬੈਠ ਕੇ ਆਪਣੇ ਪਰਿਵਾਰ ਨਾਲ ਗੱਲ ਕਰ ਰਿਹਾ ਸੀ ਤਾਂ ਇਸ ਦੌਰਾਨ 2 ਨਸ਼ੇੜੀ ਮੋਟਰਸਾਈਕਲ 'ਤੇ ਆਏ ਅਤੇ ਵਿਸ਼ਨੂੰ ਨੂੰ ਚਾਕੂ ਦਿਖਾ ਕੇ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਪਰ ਵਿਸ਼ਨੂੰ ਉਨ੍ਹਾਂ ਨਾਲ ਉਲਝ ਗਿਆ। ਇਸ ਤੋਂ ਬਾਅਦ ਨਸ਼ੇੜੀਆਂ ਨੇ ਚਾਕੂ ਨਾਲ ਵਿਸ਼ਨੂੰ ਦੀ ਧੋਣ ਵੱਢ ਦਿੱਤੀ ਅਤੇ ਮੋਬਾਈਲ ਲੈ ਕੇ ਦੌੜ ਗਏ। ਵਿਸ਼ਨੂੰ ਨੂੰ ਤੁਰੰਤ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।