ਮੋਬਾਇਲ ਸ਼ਾਪ ਦੇ ਮਾਲਕ ਨੂੰ ਲਾਇਆ ਲੱਖਾਂ ਦਾ ਚੂਨਾ

Wednesday, Dec 20, 2017 - 11:27 AM (IST)

ਮੋਬਾਇਲ ਸ਼ਾਪ ਦੇ ਮਾਲਕ ਨੂੰ ਲਾਇਆ ਲੱਖਾਂ ਦਾ ਚੂਨਾ

ਜਲੰਧਰ (ਮਹੇਸ਼)— ਥਾਣਾ ਸਦਰ ਦੇ ਇਲਾਕੇ ਜੰਡਿਆਲਾ ਮੰਜਕੀ ਵਿਚ ਇਕ ਮੋਬਾਇਲ ਸ਼ਾਪ ਦੇ ਮਾਲਕ ਨੂੰ ਦੋ ਸਕੇ ਭਰਾਵਾਂ ਵੱਲੋਂ ਲੱਖਾਂ ਦਾ ਚੂਨਾ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਸਦਰ ਦੀ ਪੁਲਸ ਨੇ ਮੋਬਾਇਲ ਸ਼ਾਪ ਦੇ ਮਾਲਕ ਅਮਨਦੀਪ ਪੁੱਤਰ ਵੇਦਸ਼ਰਦ ਰਾਮ ਵਾਸੀ ਜੰਡਿਆਲਾ ਦੇ ਬਿਆਨਾਂ 'ਤੇ ਥਾਣਾ ਨੂਰਮਹਿਲ ਦੇ ਪਿੰਡ ਚੀਮਾ ਖੁਰਦ ਦੇ ਵਾਸੀ ਦੋ ਸਕੇ ਭਰਾਵਾਂ ਇੰਦਰਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਸਮੇਤ ਚਾਰ ਵਿਅਕਤੀਆਂ ਖਿਲਾਫ ਆਈ. ਪੀ. ਸੀ. ਦੀ ਧਾਰਾ 406 ਅਤੇ 420 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਜੰਡਿਆਲਾ ਪੁਲਸ ਚੌਕੀ ਦੇ ਏ. ਐੱਸ. ਆਈ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਅਮਨਦੀਪ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਹ ਦੋਵੇਂ ਭਰਾ ਨੂਰਮਹਿਲ ਵਿਖੇ ਮੋਬਾਇਲਾਂ ਦੀ ਅਸੈਸਰੀ ਦਾ ਕੰਮ ਕਰਦੇ ਹਨ। ਉਹ ਕਾਫੀ ਸਮੇਂ ਤੋਂ ਉਨ੍ਹਾਂ ਕੋਲੋਂ ਅਸੈਸਰੀ ਅਤੇ ਹੋਰ ਸਾਮਾਨ ਤੋਂ ਇਲਾਵਾ ਨਵੇਂ ਮੋਬਾਇਲ ਲੈ ਕੇ ਜਾਂਦੇ ਸਨ ਅਤੇ ਪੈਸੇ ਬਾਅਦ ਵਿਚ ਦੇਣ ਦੀ ਗੱਲ ਕਹਿੰਦੇ ਸਨ। ਜਦੋਂ 10 ਲੱਖ ਰੁਪਏ ਤੋਂ ਜ਼ਿਆਦਾ ਉਨ੍ਹਾਂ ਵੱਲ ਹੋ ਗਏ ਤਾਂ ਪੈਸੇ ਮੰਗਣ 'ਤੇ ਉਨ੍ਹਾਂ ਇਹ ਕਹਿ ਕੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੇ ਕੋਈ ਸਾਮਾਨ ਹੀ ਨਹੀਂ ਲਿਆ। 
ਦੋਵੇਂ ਸਕੇ ਭਰਾਵਾਂ ਨੇ ਦੁਕਾਨ ਮਾਲਕ ਨੂੰ ਕਿਹਾ ਕਿ ਜੇਕਰ ਉਸ ਦੇ ਕੋਲ ਕੋਈ ਪਰੂਫ ਹੈ ਤਾਂ ਉਹ ਉਨ੍ਹਾਂ ਨੂੰ ਦਿਖਾਵੇ, ਜਿਸ ਤੋਂ ਬਾਅਦ ਉਹ ਪੈਸੇ ਉਸ ਨੂੰ ਦੇ ਦੇਣਗੇ। ਏ. ਐੱਸ. ਆਈ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਪੂਰੀ ਜਾਂਚ ਤੋਂ ਬਾਅਦ ਦੋਵੇਂ ਭਰਾਵਾਂ ਸਮੇਤ ਚਾਰ ਲੋਕਾਂ ਨੂੰ ਧੋਖਾਦੇਹੀ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਹੈ। ਉਨ੍ਹਾਂ ਦੀ ਗ੍ਰਿਫਤਾਰੀ ਲਈ ਰੇਡ ਕੀਤੀ ਜਾ ਰਹੀ ਹੈ। ਉਹ ਦੋਵੇਂ ਫਰਾਰ ਦੱਸੇ ਜਾ ਰਹੇ ਹਨ।


Related News