ਪਰਿਵਾਰਾਂ ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਮੋਬਾਇਲ ਫੋਨ ਦੀ ਦੁਰਵਰਤੋਂ

Wednesday, Sep 27, 2017 - 12:51 AM (IST)

ਪਰਿਵਾਰਾਂ ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਮੋਬਾਇਲ ਫੋਨ ਦੀ ਦੁਰਵਰਤੋਂ

ਫਿਰੋਜ਼ਪੁਰ(ਕੁਮਾਰ)—ਪਰਿਵਾਰਾਂ ਦੇ ਟੁੱਟਣ, ਪਤੀ-ਪਤਨੀ ਵਿਚ ਸ਼ੱਕ ਪੈਦਾ ਹੋਣ 'ਤੇ ਤਲਾਕ ਤੱਕ ਨੌਬਤ ਆਉਣ ਅਤੇ ਨਾਜਾਇਜ਼ ਸਬੰਧ ਸਥਾਪਿਤ ਕਰਨ ਆਦਿ ਵਿਚ ਮੋਬਾਇਲ ਫੋਨ ਦੀ ਦੁਰਵਰਤੋਂ ਮੁੱਖ ਕਾਰਨ ਹੈ ਅਤੇ ਮੋਬਾਇਲ ਫੋਨਾਂ ਦੇ ਕਾਰਨ ਕਈ ਪਰਿਵਾਰ ਤਰ੍ਹਾਂ-ਤਰ੍ਹਾਂ ਦੀਆਂ ਉਲਝਣਾਂ ਵਿਚ ਉਲਝੇ ਪਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਔਰਤਾਂ ਦੇ ਵਿਰੁੱਧ ਅਪਰਾਧ ਨਾਲ ਸਬੰਧਤ ਐੱਸ. ਪੀ. ਕ੍ਰਾਈਮ ਕਸ਼ਮੀਰ ਕੌਰ ਨੇ ਦੱਸਿਆ ਕਿ ਅੱਜ ਹਰ ਪਰਿਵਾਰ ਨੂੰ ਮੋਬਾਇਲ ਫੋਨ ਦੀ ਜ਼ਰੂਰਤ ਹੈ ਪਰ ਇਸਦੀ ਗਲਤ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਆਪਣੇ ਪਰਿਵਾਰਾਂ ਤੇ ਬੱਚਿਆਂ ਨੂੰ ਮੋਬਾਇਲ ਫੋਨ ਦੀ ਦੁਰਵਰਤੋਂ ਤੋਂ ਬਚਾਉਣਾ ਚਾਹੀਦਾ ਹੈ। ਇਸ ਮੌਕੇ ਕਮੇਟੀ ਦੇ ਮੈਂਬਰ ਸਤਪਾਲ ਖੇੜਾ, ਹਰੀਸ਼ ਮੌਂਗਾ ਰੀਡਰ, ਏ. ਐੱਸ. ਆਈ. ਬਲਵਿੰਦਰ ਪਾਲ ਸ਼ਰਮਾ, ਵਪਾਰ ਮੰਡਲ ਫਿਰੋਜ਼ਪੁਰ ਸ਼ਹਿਰ ਦੇ ਸੀਨੀਅਰ ਉਪ ਪ੍ਰਧਾਨ ਸਤਪਾਲ ਸਿੰਘ ਬਜਾਜ ਅਤੇ ਡਾ. ਮਦਨ ਚਾਵਲਾ ਆਦਿ ਵੀ ਮੌਜੂਦ ਸਨ। ਐੱਸ. ਪੀ. ਕਸ਼ਮੀਰ ਕੌਰ ਨੇ ਦੱਸਿਆ ਕਿ ਸਾਡੇ ਕੋਲ ਪਰਿਵਾਰਕ ਵਿਵਾਦਾਂ ਨੂੰ ਲੈ ਕੇ ਮਿਲਣ ਵਾਲੀਆਂ ਸ਼ਿਕਾਇਤਾਂ ਵਿਚ ਪਤੀ-ਪਤਨੀ ਵਿਵਾਦ ਦੇ ਮੁੱਖ ਕਾਰਨਾਂ ਵਿਚ ਬੇਰੁਜ਼ਗਾਰੀ, ਨਸ਼ਾ, ਨਾਜਾਇਜ਼ ਸਬੰਧ, ਅਨਪੜ੍ਹਤਾ, ਮੋਬਾਇਲ ਫੋਨ ਦੀ ਗਲਤ ਵਰਤੋਂ ਆਦਿ ਹੁੰਦੇ ਹਨ ਅਤੇ ਰੋਜ਼ਾਨਾ 2 ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਵਿਵਾਦ ਦੇ ਸ਼ਿਕਾਰ ਪਤੀ-ਪਤਨੀ ਨੂੰ ਬਿਠਾ ਕੇ ਉਨ੍ਹਾਂ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ ਅਤੇ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਉਣ ਦੇ ਲਈ ਬਕਾਇਦਾ ਦੋਵਾਂ ਪਾਰਟੀਆਂ ਦੀਆਂ ਪੰਚਾਇਤਾਂ ਬਿਠਾਈਆਂ ਜਾਂਦੀਆਂ ਹਨ ਅਤੇ ਟੁੱਟਦੇ ਪਰਿਵਾਰਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਐੱਸ. ਪੀ. ਕ੍ਰਾਈਮ ਕਸ਼ਮੀਰ ਕੌਰ ਨੇ ਦੱਸਿਆ ਕਿ ਸਾਡੇ ਕੋਲ ਪਤੀ-ਪਤਨੀ, ਰਿਸ਼ਤੇਦਾਰਾਂ ਅਤੇ ਬੱਚਿਆਂ ਤੇ ਮਾਂ-ਬਾਪ ਵਿਚ ਵਿਵਾਦ ਦੇ ਨਾਲ-ਨਾਲ ਔਰਤਾਂ ਨਾਲ ਸਬੰਧਤ ਕਈ ਤਰ੍ਹਾਂ ਦੇ ਅਪਰਾਧਾਂ, ਲੜਕੇ-ਲੜਕੀਆਂ ਵਿਚ ਪ੍ਰੇਮ ਸਬੰਧਾਂ, ਰੇਪ ਆਦਿ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੀਆਂ ਸ਼ਿਕਾਇਤਾਂ ਤੇ ਕੇਸਾਂ ਦੀ ਜਾਂਚ ਕਰਨ ਦੇ ਹੁਕਮ ਆਉਂਦੇ ਹਨ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਦਾ ਨਿਪਟਾਰਾ ਪਰਿਵਾਰ ਅਤੇ ਪੰਚਾਇਤਾਂ ਨੂੰ ਬਿਠਾ ਕੇ ਕੀਤਾ ਜਾਵੇ। ਅਜਿਹੇ ਵਿਵਾਦਾਂ ਨੂੰ ਸੁਲਝਾਉਣ ਲਈ ਐੱਸ. ਐੱਸ. ਪੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਹਿਲਾ ਪੁਲਿਸ ਥਾਣੇ ਵੀ ਕੰਮ ਕਰ ਰਹੇ ਹਨ।


Related News