ਮੋਬਾਇਲ ਸਿਹਤ ਸੁਵਿਧਾ ਬੱਸ ਚਾਲਕ ਨਾ ਹੋਣ ਕਾਰਨ ਬਣੀ ਚਿੱਟਾ ਹਾਥੀ
Saturday, Sep 09, 2017 - 08:14 AM (IST)
ਮੋਗਾ (ਸੰਦੀਪ) - ਸ਼ਹਿਰ ਦੇ ਲੰਬੀ ਦੂਰੀ ਅਤੇ ਸਿਹਤ ਸਹੂਲਤਾਂ ਤੋਂ ਵਾਂਝੇ ਪਿੰਡਾਂ ਨੂੰ ਇਹ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਸਿਹਤ ਵਿਭਾਗ ਵੱਲੋਂ ਰਾਸ਼ਟਰੀ ਹੈਲਥ ਮਿਸ਼ਨ ਤਹਿਤ ਪਿਛਲੇ 10 ਸਾਲਾਂ ਤੋਂ ਵੀ ਵਧ ਸਮੇਂ ਪਹਿਲਾਂ ਸਾਰੀਆਂ ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਮੋਬਾਇਲ ਮੈਡੀਕਲ ਯੂਨਿਟ ਚਲਾਇਆ ਗਿਆ ਸੀ, ਤਾਂ ਜੋ ਆਪਣੇ ਪਿੰਡਾਂ ਤੋਂ ਸ਼ਹਿਰ 'ਚ ਨਾ ਪੁੱਜ ਸਕਣ ਵਾਲੇ ਮਰੀਜ਼ਾਂ ਨੂੰ ਉਨ੍ਹਾਂ ਦੇ ਪਿੰਡ 'ਚ ਹੀ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ, ਜਿਸ ਲਈ ਇਸ ਮੋਬਾਇਲ ਬੱਸ ਯੂਨਿਟ ਲਈ ਡਾਕਟਰ ਸਮੇਤ ਲੈਬੋਰੇਟਰੀ ਟੈਕਨੀਸ਼ੀਅਨ ਅਤੇ ਨਰਸਿੰਗ ਸਟਾਫ ਵੀ ਰੱਖਿਆ ਗਿਆ ਹੈ। ਇਸ ਯੂਨਿਟ 'ਚ ਮੁੱਢਲੇ ਟੈਸਟ ਸਮੇਤ ਐਕਸਰੇ ਕਰਨ ਦੀ ਵੀ ਸਹੂਲਤ ਮੁਹੱਈਆ ਹੈ।
ਜੇਕਰ ਮੋਗਾ ਜ਼ਿਲੇ ਦੀ ਗੱਲ ਕਰੀਏ ਤਾਂ ਪਿਛਲੇ ਇਕ ਮਹੀਨੇ ਤੋਂ ਇਹ ਮੋਬਾਇਲ ਮੈਡੀਕਲ ਯੂਨਿਟ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ ਅਤੇ ਪੇਂਡੂ ਖੇਤਰਾਂ 'ਚ ਲੋੜਵੰਦ ਮਰੀਜ਼ ਇਸ ਦੀਆਂ ਸਹੂਲਤਾਂ ਲੈਣ ਤੋਂ ਵਾਂਝੇ ਚੱਲੇ ਆ ਰਹੇ ਹਨ। ਇਸ ਦਾ ਕਾਰਨ ਜ਼ਿੰਮੇਵਾਰ ਅਧਿਕਾਰੀਆਂ ਨੇ ਪਿਛਲੇ ਬੱਸ ਚਾਲਕ ਵੱਲੋਂ ਨੌਕਰੀ ਛੱਡਣ ਅਤੇ ਨਵੇਂ ਬੱਸ ਚਾਲਕ ਦਾ ਪ੍ਰਬੰਧ ਨਾ ਹੋਣਾ ਦੱਸਿਆ ਹੈ।
ਇਕ ਮਹੀਨੇ ਤੋਂ ਡਿਊਟੀ ਨਹੀਂ, ਖਾਲੀ ਬੈਠਾ ਸਟਾਫ
ਇਸ ਮੈਡੀਕਲ ਮੋਬਾਇਲ ਯੂਨਿਟ ਲਈ ਇਕ ਡਾਕਟਰ, ਇਕ ਲੈਬ ਟੈਕਨੀਸ਼ੀਅਨ ਅਤੇ ਨਰਸਿੰਗ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ ਪਰ 10 ਅਗਸਤ ਤੋਂ ਹੀ ਬੱਸ ਚਾਲਕ ਦੇ ਨੌਕਰੀ ਛੱਡ ਦੇਣ ਅਤੇ ਨਵੇਂ ਚਾਲਕ ਦਾ ਪ੍ਰਬੰਧ ਨਾ ਹੋਣ ਕਾਰਨ ਇਸ 'ਚ ਤਾਇਨਾਤ ਸਟਾਫ ਨੂੰ ਬਿਨਾਂ ਡਿਊਟੀ ਦੇ ਹੀ ਤਨਖਾਹ ਦਿੱਤੀ ਗਈ ਹੈ।
ਪਹਿਲਾਂ ਹੀ ਸਟਾਫ ਦੀ ਭਾਰੀ ਘਾਟ ਤੋਂ ਚੱਲ ਰਿਹਾ ਸਿਹਤ ਵਿਭਾਗ
ਦੱਸਣਯੋਗ ਹੈ ਕਿ ਪਹਿਲਾਂ ਹੀ ਸਿਹਤ ਵਿਭਾਗ ਮੈਡੀਕਲ ਸਟਾਫ ਤੇ ਡਾਕਟਰਾਂ ਦੀ ਭਾਰੀ ਕਮੀ ਤੋਂ ਵਾਂਝਾ ਚੱਲਿਆ ਆ ਰਿਹਾ ਹੈ, ਜਿਸ ਕਾਰਨ ਅਕਸਰ ਸਿਹਤ ਵਿਭਾਗ ਸੁਰਖੀਆਂ 'ਚ ਰਹਿੰਦਾ ਹੈ। ਸਵਾਲ ਇਹ ਹੈ ਕਿ ਜੇਕਰ ਇਹ ਯੂਨਿਟ ਸੇਵਾਵਾਂ ਨਹੀਂ ਦੇ ਰਿਹਾ ਸੀ ਤਾਂ ਇਸ ਦੇ ਸਟਾਫ ਨੂੰ ਦੂਜੀ ਜਗ੍ਹਾ ਤਾਇਨਾਤ ਕਿਉਂ ਨਹੀਂ ਕੀਤਾ ਗਿਆ ਜਾਂ ਇਕ ਮਹੀਨੇ ਦਾ ਸਮੇਂ ਲੰਘ ਜਾਣ ਦੇ ਬਾਵਜੂਦ ਵੀ ਇਸ ਮੋਬਾਇਲ ਮੈਡੀਕਲ ਯੂਨਿਟ ਲਈ ਚਾਲਕ ਦਾ ਪ੍ਰਬੰਧ ਨਹੀਂ ਹੋ ਸਕਿਆ।
ਸਟਾਫ ਦੀ ਲਾ ਦਿੱਤੀ ਸਿਵਲ ਹਸਪਤਾਲ ਡਿਊਟੀ : ਡੀ. ਸੀ.
ਇਸ ਸਬੰਧੀ ਸਿਹਤ ਵਿਭਾਗ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੁਰਿੰਦਰ ਸੇਤੀਆ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਮੋਬਾਇਲ ਮੈਡੀਕਲ ਯੂਨਿਟ ਦੀ ਬੱਸ ਆਮ ਐਂਬੂਲੈਂਸ ਤੋਂ ਕਾਫੀ ਵੱਡੀ ਹੋਣ ਕਾਰਨ ਇਸ ਨੂੰ ਕੋਈ ਐਂਬੂਲੈਂਸ ਚਾਲਕ ਚਲਾਉਣ 'ਚ ਅਸਮਰੱਥ ਹੈ। ਇਸ ਬੱਸ ਨੂੰ ਚਲਾਉਣ ਲਈ ਸਪੈਸ਼ਲ ਚਾਲਕ ਦੀ ਲੋੜ ਹੈ। ਉਨ੍ਹਾਂ ਵੱਲੋਂ ਇਸ ਸਬੰਧੀ ਪਹਿਲਾਂ ਵੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਜਾਣੂ ਕਰਵਾਇਆ ਗਿਆ ਹੈ। ਡਾ. ਸੇਤੀਆ ਨੇ ਸਟਾਫ ਸਬੰਧੀ ਦੱਸਿਆ ਕਿ ਇਸ ਯੂਨਿਟ ਦੇ ਚੱਲਣ ਤੱਕ ਇਸ 'ਤੇ ਤਾਇਨਾਤ ਸਟਾਫ ਦੀ ਡਿਊਟੀ ਸਿਵਲ ਹਸਪਤਾਲ 'ਚ ਹੀ ਲਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
