ਮੋਬਾਇਲ, ਨਕਦੀ ਅਤੇ ਮੋਟਰਸਾਈਕਲ ਖੋਹਣ ਦੇ ਲਾਏ ਦੋਸ਼

09/22/2017 7:28:05 AM

ਝਬਾਲ/ਬੀੜ ਸਾਹਿਬ,  (ਲਾਲੂਘੁੰਮਣ, ਬਖਤਾਵਰ)- ਬੀਤੀ ਦੇਰ ਸ਼ਾਮ ਪਿੰਡ ਕਲੇਰ ਵਾਸੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਨੂੰ ਪਰਤ ਰਿਹਾ ਸੀ ਤਾਂ ਉਦੋਂ ਪੁਰਾਣੀ ਰੰਜਿਸ਼ ਕਾਰਨ ਕੁਝ ਲੋਕਾਂ ਵੱਲੋਂ ਰਸਤੇ 'ਚ ਰੋਕ ਕੇ ਉਸਦੀ ਕੁੱਟਮਾਰ ਕਰਕੇ ਗੰਭੀਰ ਸੱਟਾਂ ਮਾਰਨ, ਮੋਬਾਇਲ ਅਤੇ ਨਕਦੀ ਖੋਹਣ ਦੇ ਪੀੜਤ ਨੌਜਵਾਨ ਅਤੇ ਉਸਦੇ ਮਾਪਿਆਂ ਨੇ ਦੋਸ਼ ਲਾਏ ਹਨ। 
ਹਸਪਤਾਲ 'ਚ ਇਲਾਜ ਅਧੀਨ ਅਵਤਾਰ ਸਿੰਘ ਉਰਫ ਗੋਲਡੀ ਦੇ ਪਿਤਾ ਸਲਵਿੰਦਰ ਸਿੰਘ, ਮਾਤਾ ਸੁਖਵਿੰਦਰ ਕੌਰ ਅਤੇ ਚਚੇਰੇ ਭਰਾ ਮਨੂੰ ਕਲੇਰ ਨੇ ਦੱਸਿਆ ਕਿ ਬੀਤੀ ਬੁੱਧਵਾਰ ਦੇਰ ਸ਼ਾਮ 8 ਵਜੇ ਦੇ ਕਰੀਬ ਜਦੋਂ ਉਨ੍ਹਾਂ ਦਾ ਲੜਕਾ ਆਪਣੇ ਕੰਮ ਤੋਂ ਵਾਪਸ ਘਰ ਪਰਤ ਰਿਹਾ ਸੀ ਤਾਂ ਰਸਤੇ 'ਚ ਪਹਿਲਾਂ ਤੋਂ ਹੀ ਮੌਜੂਦ ਹਰਜਿੰਦਰ ਸਿੰਘ, ਸੁੱਖਾ ਸਿੰਘ ਦੋਵੇਂ ਪੁੱਤਰਾਨ ਵੀਰ ਸਿੰਘ, ਵੀਰ ਸਿੰਘ ਦੀ ਪਤਨੀ, ਲੜਕੀ ਅਤੇ ਸਾਹਬ ਸਿੰਘ ਸਮੇਤ ਦਲੇਰ ਸਿੰਘ ਤੇ ਹੋਰ ਅਣਪਛਾਤਿਆਂ ਨੇ ਉਨ੍ਹਾਂ ਦੇ ਲੜਕੇ ਅਵਤਾਰ ਸਿੰਘ ਨੂੰ ਰਸਤੇ 'ਚ ਰੋਕ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਸਿਰ 'ਚ ਲੋਹੇ ਦੀ ਰਾਡ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਕਤ ਵਿਅਕਤੀਆਂ ਨੇ ਉਸ ਦੀ ਜੇਬ 'ਚੋਂ 10 ਹਜ਼ਾਰ ਦੀ ਨਕਦੀ, ਮੋਬਾਇਲ ਕੱਢ ਲਿਆ ਅਤੇ ਮੋਟਰਸਾਈਕਲ ਵੀ ਗਾਇਬ ਕਰ ਦਿੱਤਾ। ਉਨ੍ਹਾਂ ਨੂੰ ਪਤਾ ਲੱਗਣ 'ਤੇ ਬੇਹੋਸ਼ੀ ਦੀ ਹਾਲਤ 'ਚ ਅਵਤਾਰ ਸਿੰਘ ਨੂੰ ਸਥਾਨਕ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਉਕਤ ਦੋਸ਼ੀਆਂ ਵਿਰੁੱਧ ਪੁਲਸ ਚੌਕੀ ਰਾਮ ਤੀਰਥ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। 
ਦੂਜੇ ਪਾਸੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਕੰਮ ਤੋਂ ਘਰ ਆਇਆ ਤਾਂ ਉਸ ਨੇ ਵੇਖਿਆ ਕਿ ਉਕਤ ਅਵਤਾਰ ਸਿੰਘ, ਜੋ ਕੇ ਉਨ੍ਹਾਂ ਦੇ ਘਰ ਆ ਕੇ ਉਸਦੀ ਮਾਤਾ ਨਾਲ ਬਦਸਲੂਕੀ ਕਰ ਰਿਹਾ ਸੀ। ਇਸ 'ਤੇ ਉਨ੍ਹਾਂ ਦੋਹਾਂ ਦਾ ਆਪਸ 'ਚ ਝਗੜਾ ਹੋ ਗਿਆ ਤੇ ਅਵਤਾਰ ਸਿੰਘ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਿਆ। ਇਸ ਸਬੰਧੀ ਏ. ਐੱਸ. ਆਈ. ਸਤਿੰਦਰਪਾਲ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੇ ਘਰੋਂ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ, ਜਦੋਂਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਜ਼ਰਮ ਅਜੇ ਘਰੋਂ ਫਰਾਰ ਹਨ। 


Related News