ਮੋਬਾਇਲ ਅਪੈਲੀਕੇਸ਼ਨ ਦੇ ਨੰਬਰਾਂ ਰਾਹੀਂ ਧੜਾਧੜ ਸਾਈਬਰ ਠੱਗੀ ਦਾ ਸ਼ਿਕਾਰ ਹੋ ਰਹੇ ਲੋਕ

Saturday, Oct 14, 2023 - 02:02 PM (IST)

ਪਟਿਆਲਾ (ਬਲਜਿੰਦਰ) : ਇੰਟਰਨੈੱਟ ਦੇ ਯੁੱਗ ਨੇ ਜਿੱਥੇ ਪੂਰੀ ਦੁਨੀਆਂ ਨੂੰ ਇਕ ‘ਪਿੰਡ’ ਬਣਾ ਕੇ ਰੱਖ ਦਿੱਤਾ ਹੈ, ਉੱਥੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਸ ਦਾ ਦੁਰਉਪਯੋਗ ਕਰਕੇ ਠੱਗੀਆਂ ਮਾਰਨ ਦਾ ਸਿਲਸਿਲਾ ਵੀ ਚੱਲ ਰਿਹਾ ਹੈ। ਪਹਿਲਾਂ ਤਾਂ ਬਹਾਨੇ ਨਾਲ ਓ. ਟੀ. ਪੀ. ਨੰਬਰ ਲੈ ਕੇ ਖਾਤਿਆਂ ’ਚੋਂ ਪੈਸੇ ਕੱਢਣ ਦਾ ਸਿਲਸਿਲਾ ਚੱਲਿਆ। ਹੁਣ ਮੋਬਾਇਲ ਐਪਲੀਕੇਸ਼ਨ ਦੇ ਨੰਬਰਾਂ ਰਾਹੀਂ ਠੱਗੀਆਂ ਮਾਰੀਆਂ ਜਾ ਰਹੀਆਂ ਹਨ। ਕੁਝ ਸਮੇਂ ਇਨ੍ਹਾਂ ਠੱਗਾਂ ਦਾ ਠੱਗੀ ਮਾਰਨ ਦਾ ਤਰੀਕਾ ਬਦਲ ਜਾਂਦਾ ਹੈ। ਅੱਜਕਲ ਇਨ੍ਹਾਂ ਨੰਬਰਾਂ ਰਾਹੀਂ ਵਿਦੇਸ਼ ’ਚ ਕਿਸੇ ਰਿਸ਼ਤੇਦਾਰ ਦਾ ਐਕਸੀਡੈਂਟ ਹੋਣ ਜਾਂ ਫਿਰ ਅਦਾਲਤੀ ਝਗੜੇ ਦੀ ਗੱਲ ਆਖ ਕੇ ਵਿਦੇਸ਼ੀ ਖਾਤਿਆਂ ’ਚ ਪੈਸੇ ਪਵਾ ਕੇ ਲੈਂਦੇ ਹਨ ਅਤੇ ਹੁਣ ਐਪਲੀਕੇਸ਼ਨ ਨੰਬਰਾਂ ਰਾਹੀਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਹਨ।

ਫੇਸਬੁੱਕ ਜਾਂ ਫਿਰ ਹੋਰ ਪਲੇਟਫਾਰਮਾਂ ਤੋਂ ਪਰਿਵਾਰ ਸਬੰਧੀ ਜਾਣਕਾਰੀ ਇਕੱਠੀ ਕਰਕੇ ਫਿਰ ਐਪਲੀਕੇਸ਼ਨ ਨੰਬਰ ਰਾਹੀਂ ਕਿਸੇ ਨਜ਼ਦੀਕੀ ਖਾਸ ਤੌਰ ’ਤੇ ਪਿਤਾ ਤੋਂ ਪੁੱਤਰ ਦੀ ਕਿਡਨੈਪਿੰਗ ਦੀ ਗੱਲ ਆਖ ਕੇ ਠੱਗੀ ਮਾਰੀ ਜਾ ਰਹੀ ਹੈ। ਅਹਿਮ ਗੱਲ ਇਹ ਹੈ ਕਿ ਜਦੋਂ ਸਾਈਬਰ ਠੱਗ ਫੋਨ ਕਰਦੇ ਹਨ ਤਾਂ ਕਈ ਵਾਰ ਤਾਂ ਪੁੱਤਰ ਦੀ ਕਿਡਨੈਪਿੰਗ ਦੀ ਗੱਲ ਆਖ ਕੇ ਕਿਸੇ ਰੌਂਦੇ ਹੋਏ ਬੱਚੇ ਤੱਕ ਨਾਲ ਗੱਲ ਕਰਵਾ ਦਿੰਦੇ ਹਨ ਤਾਂ ਜੋ ਪੂਰਾ ਯਕੀਨ ਹੋ ਜਾਵੇ। ਇਸ ਲਈ ਕਈ ਵਾਰ ਤਾਂ ਜਿਸ ਵਿਅਕਤੀ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਉਸ ਨੂੰ ਇਹ ਕਿਹਾ ਜਾਂਦਾ ਹੈ ਕਿ ਫੋਨ ਨੂੰ ਨਾ ਤਾਂ ਕੱਟਣਾ, ਨਾ ਮਿਊਟ ਕਰਨਾ, ਸਗੋਂ ਚੱਲਦੇ ਫੋਨ ’ਚ ਹੀ ਇਕ ਖਾਤਾ ਨੰਬਰ ਦਿੱਤਾ ਜਾਂਦਾ ਹੈ, ਜਿਸ ’ਚ ਪੈਸੇ ਪਵਾ ਕੇ ਠੱਗੀ ਮਾਰੀ ਜਾਂਦੀ ਹੈ। ਜਦੋਂ ਤੱਕ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਸਮਝ ਆਉਂਦੀ ਹੈ, ਉਦੋਂ ਤੱਕ ਤਾਂ ਉਸ ਦਾ ਟਰੈਪ ਲੱਗ ਚੁੱਕਾ ਹੁੰਦਾ ਹੈ। ‘ਜਗ ਬਾਣੀ’ ਵੱਲੋਂ ਇਹ ਖਬਰ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ ਤਾਂ ਕਿ ਜੇਕਰ ਕਿਸੇ ਨੂੰ ਇਸ ਤਰ੍ਹਾਂ ਦੀ ਕਾਲ ਆਵੇ ਤਾਂ ਉਹ ਸਮਝ ਤੋਂ ਕੰਮ ਲੈਣ ਨਾ ਕਿਸੇ ਤਰ੍ਹਾਂ ਡਰ ਜਾਂ ਫਿਰ ਭਾਵਨਾ ’ਚ ਵਹਿ ਕੇ ਫੈਸਲਾ ਲੈਣ।

ਰਿਸ਼ਤੇਦਾਰ ਦੀ ਝੂਠੀ ਕਹਾਣੀ ਸੁਣਾ ਕੇ 2 ਕੇਸਾਂ ’ਚ ਮਾਰੀ 15 ਲੱਖ ਰੁਪਏ ਦੀ ਠੱਗੀ

ਥਾਣਾ ਸਿਵਲ ਲਾਈਨ ਦੀ ਪੁਲਸ ਨੇ ਇਸ ਮਾਮਲੇ ’ਚ 2 ਕੇਸ ਸਾਈਬਰ ਠੱਗੀ ਦੇ ਸ਼ਿਕਾਰ ਦੇ ਕੇਸ ਦਰਜ ਕੀਤੇ ਹਨ। ਪਹਿਲੇ ਕੇਸ ’ਚ ਓਮ ਪ੍ਰਕਾਸ਼ ਪੁੱਤਰ ਹਰੀ ਰਾਮ ਵਾਸੀ ਪ੍ਰੀਤ ਐਵਨਿਊ ਨੇੜੇ 22 ਨੰਬਰ ਫਾਟਕ ਪਟਿਆਲਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖਿਲਾਫ 419, 420 ਅਤੇ 120 ਬੀ ਆਈ. ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਓਮ ਪ੍ਰਕਾਸ਼ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਵਟਸਐਪ ’ਤੇ ਇਕ ਅਣਪਛਾਤੇ ਵਿਅਕਤੀ ਦੀ ਫੋਨ ਆਇਆ। ਵਿਦੇਸ਼ ਰਹਿੰਦੇ ਰਿਸ਼ਤੇਦਾਰ ਦੀ ਝੂਠੀ ਕਹਾਣੀ ਸੁਣਾ ਕੇ ਵਿਸ਼ਵਾਸ ’ਚ ਲੈ ਕੇ ਉਸ ਤੋਂ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ 10 ਲੱਖ ਰੁਪਏ ਹਾਸਲ ਕਰ ਕੇ ਧੋਖਾਦੇਹੀ ਕੀਤੀ ਹੈ। ਅਜਿਹੀ ਹੀ ਦੂਜੀ ਠੱਗੀ ਦਾ ਸ਼ਿਕਾਰ ਹੋਏ ਬਲਵੰਤ ਸਿੰਘ ਪੁੱਤਰ ਸੋਂਧੀ ਸਿੰਘ ਵਾਸੀ ਅਫਸਰ ਇਨਕਲੇਵ ਫੇਸ-1 ਪਟਿਆਲਾ। ਉਨ੍ਹਾਂ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ 419, 420 ਅਤੇ 120 ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਬਲਵੰਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਤੋਂ ਵਿਦੇਸ਼ ’ਚ ਰਹਿੰਦੇ ਰਿਸ਼ਤੇਦਾਰ ਦੀ ਝੂਠੀ ਕਹਾਣੀ ਬਣਾ ਕੇ ਵਿਸ਼ਵਾਸ਼ ’ਚ ਲੈ ਕੇ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ 5 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ।

ਅਜਿਹੀ ਕਾਲ ਆਉਣ ’ਤੇ ਡਰਨ ਦੀ ਬਜਾਏ ਪੁਲਸ ਨੂੰ ਸੂਚਿਤ ਕਰੋ : ਇੰਸ: ਸ਼ਮਿੰਦਰ ਸਿੰਘ

ਸੀ. ਆਈ. ਏ. ਇੰਚਾਰਜ ਇੰਸ: ਸ਼ਮਿੰਦਰ ਸਿੰਘ ਨੇ ਦੱਸਿਆ ਕਿ ਮੋਬਾਇਲ ਐਪੀਲਕੇਸ਼ਨਾਂ ਰਾਹੀਂ ਅਜਿਹੀਆਂ ਕਾਲਾਂ ਬਹੁਤ ਆ ਰਹੀਆਂ ਹਨ। ਭੋਲ-ਭਾਲੇ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਵੀ ਅਜਿਹੀ ਗੱਲ ਹੋਵੇ ਤਾਂ ਤੁਰੰਤ ਪੁਲਸ ਨੂੰ ਸੂਚਿਤ ਕਰੋ, ਡਰਨ ਦੀ ਕੋਈ ਲੋੜ ਨਹੀਂ ਅਤੇ ਨਾ ਹੀ ਪੈਨਿਕ ਹੋਣਾ ਚਾਹੀਦਾ ਹੈ। ਅਕਸਰ ਜਦੋਂ ਕੋਈ ਅਜਿਹੀ ਕਾਲ ਆਉਂਦੀ ਹੈ। ਪਹਿਲਾਂ ਪੁਲਸ ਨੂੰ ਸੂਚਿਤ ਕਰਨਾ ਚਾਹੀਦਾ ਹੈ ਪਰ ਅਕਸਰ ਦੇਖਣ ’ਚ ਆਉਂਦਾ ਹੈ ਕਿ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿਉਂਕਿ ਇਹ ਮੋਬਾਇਲ ਐਪਲੀਕੇਸ਼ਨਾਂ ਰਾਹੀਂ ਕਾਲਾਂ ਹੋਣ ਕਾਰਨ ਬਾਅਦ ’ਚ ਟਰੇਸ ਨਹੀਂ ਹੁੰਦੀਆਂ ਅਤੇ ਜਿਹੜੇ ਖਾਤਿਆਂ ’ਚ ਪੈਸੇ ਪਵਾਏ ਜਾਂਦੇ ਹਨ, ਉਹ ਵੀ ਵਿਦੇਸ਼ੀ ਹੀ ਹੁੰਦੇ ਹਨ।


Gurminder Singh

Content Editor

Related News