ਮੋਬਾਇਲ ''ਤੇ ਆਏ ਮੈਸੇਜ ਦੇਖ ਕੁੜੀ ਦੇ ਉਡ ਗਏ ਹੋਸ਼, ਨਹੀਂ ਪਤਾ ਸੀ ਇਹ ਕੁੱਝ ਵੀ ਹੋ ਸਕਦੈ
Thursday, Aug 08, 2024 - 10:56 AM (IST)
ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਦੀ ਇਕ ਲੜਕੀ ਦੇ ਬੈਂਕ ਖਾਤੇ ’ਚੋਂ ਅਣਪਛਾਤਿਆਂ ਵੱਲੋਂ 1 ਲੱਖ 3 ਹਜ਼ਾਰ ਰੁਪਏ ਦੀ ਰਾਸ਼ੀ ਕਢਵਾ ਕੇ ਠੱਗੀ ਮਾਰਨ ਦੇ ਦੋਸ਼ ਹੇਠ ਪੁਲਸ ਵੱਲੋਂ ਲੜਕੀ ਦੀ ਸ਼ਿਕਾਇਤ 'ਤੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨਦਾਮਪੁਰ ਦੀ ਇਕ ਲੜਕੀ ਰਮਨਦੀਪ ਕੌਰ ਪੁੱਤਰੀ ਸੰਪੂਰਨ ਸਿੰਘ ਨੇ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 4 ਦਸੰਬਰ 2022 ਨੂੰ ਉਸ ਦੇ ਮੋਬਾਇਲ ਉਪਰ ਉਸ ਦੇ ਬੈਂਕ ਖਾਤੇ ’ਚੋਂ 25-25 ਹਜ਼ਾਰ ਰੁਪਏ ਦੀਆਂ ਚਾਰ ਟ੍ਰਾਂਜ਼ੈਕਸਨਾਂ ਰਾਹੀ ਕੁੱਲ ਇਕ ਲੱਖ ਰੁਪਏ ਦੀ ਰਾਸ਼ੀ ਨਿਕਲਣ ਸਬੰਧੀ ਸੰਦੇਸ਼ ਆਇਆ। ਰਮਨਦੀਪ ਨੇ ਦੱਸਿਆ ਕਿ ਕਿਸੇ ਅਣਪਛਾਤੇ ਵੱਲੋਂ ਉਸ ਦੇ ਖਾਤੇ ’ਚੋਂ ਇਹ ਰਾਸ਼ੀ ਕਢਵਾਈ ਗਈ ਪਰ ਐਤਵਾਰ ਦਾ ਦਿਨ ਹੋਣ ਕਾਰਨ ਉਸ ਦਿਨ ਬੈਂਕ ਬੰਦ ਸੀ ਤਾਂ ਉਸ ਵੱਲੋਂ ਆਪਣਾ ਖਾਤਾ ਬੰਦ ਕਰਵਾਉਣ ਲਈ ਐੱਸ. ਬੀ. ਆਈ. ਬੈਂਕ ਦਾ ਹੈਲਪਲਾਈਨ ਨੰਬਰ ਡਾਇਲ ਕੀਤਾ ਗਿਆ ਪਰ ਇਸ ਨੰਬਰ ’ਤੇ ਕਾਲ ਨਹੀਂ ਹੋ ਸਕੀ।
ਇਸ ਕਾਰਨ ਫਿਰ ਉਹ ਅਗਲੇ ਦਿਨ ਨਦਾਮਪੁਰ ਵਿਖੇ ਸਥਿਤ ਬੈਂਕ ਦੀ ਬ੍ਰਾਂਚ ਵਿਖੇ ਗਈ ਤੇ ਉਥੇ ਜਾ ਕੇ ਆਪਣਾ ਖਾਤਾ ਬੰਦ ਕਰਵਾ ਦਿੱਤਾ ਪਰ ਹੈਰਾਨੀ ਉਦੋਂ ਹੋਈ ਜਦੋਂ ਅਗਲੇ ਦਿਨ 6 ਦਸੰਬਰ 2022 ਨੂੰ ਉਸ ਦਾ ਖਾਤਾ ਬੰਦ ਹੋਣ ਦੇ ਬਾਵਜੂਦ ਵੀ ਉਸ ਦੇ ਖਾਤੇ ’ਚੋਂ 3 ਹਜ਼ਾਰ ਰੁਪਏ ਦੀ ਰਾਸ਼ੀ ਫਿਰ ਨਿਕਲ ਗਈ। ਪੁਲਸ ਨੇ ਜ਼ਿਲ੍ਹਾ ਪੁਲਸ ਮੁਖੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਰਮਨਦੀਪ ਕੌਰ ਦੀ ਸ਼ਿਕਾਇਤ ਉਪਰ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।