ਵਿਧਾਇਕ ਨੇ ਨਗਰ ਕੌਂਸਲ ''ਚ ਕੀਤੀ ਛਾਪੇਮਾਰੀ, ਗੈਰਹਾਜ਼ਰ ਅਧਿਕਾਰੀਆਂ ਨੂੰ ਦਿੱਤੀ ਚੇਤਾਵਨੀ
Tuesday, Dec 20, 2022 - 04:08 AM (IST)
ਜ਼ੀਰਕਪੁਰ (ਮੇਸ਼ੀ)- ਜਦੋਂ ਤੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ 'ਤੇ ਕਾਬਜ਼ ਕੀਤਾ ਹੈ, ਉਦੋਂ ਤੋਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਐਕਸ਼ਨ ਮੋਡ 'ਚ ਦਿਖਾਈ ਦੇ ਰਹੇ ਹਨ, ਜਿਸ ਤਹਿਤ ਡੇਰਾਬਸੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਸੋਮਵਾਰ ਨੂੰ ਅਚਾਨਕ ਨਗਰ ਕੌਂਸਲ ਜ਼ੀਰਕਪੁਰ 'ਚ ਨਜ਼ਰ ਆਏ। ਉਨ੍ਹਾਂ ਨੇ ਸਵੇਰੇ 10 ਵਜੇ ਛਾਪਾ ਮਾਰਿਆ। ਇਸ ਮੌਕੇ ਵਿਧਾਇਕ ਰੰਧਾਵਾ ਸਿਰ ’ਤੇ ਟੋਪੀ ਲੈ ਕੇ ਬਹੁਤ ਹੀ ਸਾਦੇ ਕੱਪੜਿਆਂ ਵਿਚ ਪੁੱਜੇ ਹੋਏ ਸਨ।
ਇਹ ਖ਼ਬਰ ਵੀ ਪੜ੍ਹੋ - ਭਾਖੜਾ ਨਹਿਰ 'ਚੋਂ ਗੋਤਾਖੋਰਾਂ ਹੱਥ ਲੱਗੀ ਸ਼ੈਅ ਨੇ ਪਾਏ ਭੜਥੂ, ਕੀਤੀ ਪੁਲਸ ਹਵਾਲੇ
ਅਚਾਨਕ ਵਿਧਾਇਕ ਨੂੰ ਦਫ਼ਤਰ ਵਿੱਚ ਦੇਖ ਕੇ ਕਲੈਰੀਕਲ ਸਟਾਫ਼ ਨੂੰ ਭਾਜੜਾਂ ਪੈ ਗਈਆਂ। ਇਸ ਮੌਕੇ ਵਿਧਾਇਕ ਨੇ ਦਫ਼ਤਰ ਵਿਚ ਹਾਜ਼ਰੀ ਰਜਿਸਟਰ ਵੀ ਚੈੱਕ ਕੀਤਾ। ਅੱਜ ਅਚਨਚੇਤ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਨਗਰ ਕੌਂਸਲ ਦੇ ਬਹੁਤੇ ਕਰਮਚਾਰੀ ਗੈਰ ਹਾਜ਼ਰ ਰਹੇ ਅਤੇ ਲੋਕ ਪਰੇਸ਼ਾਨ ਦੇਖੇ ਗਏ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਜੋ ਕਰਮਚਾਰੀ ਗੈਰਹਾਜ਼ਰ ਪਾਇਆ ਗਿਆ ਜਾਂ ਸਮੇਂ ਸਿਰ ਨਹੀਂ ਆਉਂਦਾ ਜਾਂ ਕੰਮ ਵਿਚ ਕੋਈ ਅਣਗਹਿਲੀ ਪਾਈ ਗਈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਕਾਰੀ ਦਫ਼ਤਰਾਂ ਵਿਚ ਲੋਕਾਂ ਨੂੰ ਪ੍ਰੇਸ਼ਾਨ ਨਾ ਕਰਨ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਅਧਿਕਾਰੀਆਂ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣਗੇ।
ਇਹ ਖ਼ਬਰ ਵੀ ਪੜ੍ਹੋ - ਰੋਜ਼ੀ-ਰੋਟੀ ਲਈ ਵਿਦੇਸ਼ ਗਏ ਪੰਜਾਬੀ ਦੀ ਮੌਤ, ਪਰਿਵਾਰ ਨੂੰ ਮ੍ਰਿਤਕ ਦੇਹ ਲਈ 22 ਦਿਨ ਕਰਨਾ ਪਿਆ ਇੰਤਜ਼ਾਰ
ਵਿਧਾਇਕ ਰੰਧਾਵਾ ਨੇ ਕਿਹਾ ਹੈ ਕਿ ਉਹ ਪਿਛਲੇ ਸਾਲਾਂ ਦੌਰਾਨ ਜ਼ੀਰਕਪੁਰ ਨਗਰ ਕੌਂਸਲ ਵਿਚ ਜੋ ਕੁਝ ਹੋਇਆ ਹੈ, ਉਸ ਨੂੰ ਦੂਰ ਕਰਨ ਅਤੇ ਬਿਨਾਂ ਕਿਸੇ ਭੇਦਭਾਵ ਤੋਂ ਵਿਕਾਸ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਲਾਕੇ ਦਾ ਸਰਬਪੱਖੀ ਵਿਕਾਸ ਕਰਨਾ ਉਨ੍ਹਾਂ ਦਾ ਪਹਿਲਾ ਫਰਜ਼ ਹੈ। ਇਲਾਕੇ ਵਿਚ ਲੰਮੇ ਸਮੇਂ ਤੋਂ ਵਿਕਾਸ ਕਾਰਜ ਨਾ ਹੋਣ ਕਾਰਨ ਇਹ ਇਲਾਕਾ ਕਾਫੀ ਪਛੜ ਗਿਆ ਹੈ। ਹੁਣ ਵਿਕਾਸ ਕਾਰਜਾਂ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਉਨ੍ਹਾਂ ਵੱਡੀ ਗਿਣਤੀ 'ਚ ਹਾਜ਼ਰ ਸਫ਼ਾਈ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।